ਹਰਦੀਪ ਸਿੰਘ ਸੋਢੀ
ਧੂਰੀ, 10 ਸਤੰਬਰ
ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਧੂਰੀ ਅਨਾਜ ਮੰਡੀ ਅੰਦਰ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਅਨਾਜ ਮੰਡੀ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਪੱਕਾ ਫਰਸ਼ ਟੁੱਟਣਾ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸਫਾਈ ਦਾ ਬੁਰਾ ਹਾਲ ਹੈ ਤੇ ਆਵਾਰਾ ਪਸ਼ੂਆਂ ਨੇ ਆੜ੍ਹਤੀਆਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਅਨਾਜ ਮੰਡੀ ਅੰਦਰ ਇਕ ਵੱਡੇ ਟੋਏ ਨੇੜੇ ਪੱਕੇ ਸੀਮਿੰਟ ਦੇ ਫਰਸ਼ ਦਾ ਵੱਡਾ ਹਿੱਸਾ ਟੁੱਟ ਚੁੱਕਾ ਹੈ ਪਰ ਕੋਈ ਵੀ ਅਧਿਕਾਰੀ ਇਸ ਨੂੰ ਠੀਕ ਕਰਨ ਲਈ ਤਿਆਰ ਨਹੀਂ। ਇਸ ਸਬੰਧੀ ਆੜ੍ਹਤੀਆਂ ਨੇ ਦੱਸਿਆ ਕਿ ਸ਼ਹਿਰ ਦੇ ਲੋਕ ਸੈਰ ਕਰਨ ਦੇ ਬਹਾਨੇ ਘਰਾਂ ਦੀ ਗੰਦਗੀ ਮੰਡੀ ਅੰਦਰ ਹੀ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਬਣੇ ਸ਼ੈੱਡਾਂ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਮੰਡੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਟੁੱਟ ਚੁੱਕੇ ਫਰਸ਼ ਨੂੰ ਠੀਕ ਤੇ ਮੰਡੀ ਦੀ ਸਫ਼ਾਈ ਕਰਵਾਈ ਜਾਵੇ ਤੇ ਜੋ ਲੋਕ ਮੰਡੀ ਅੰਦਰ ਗੰਦਗੀ ਫੈਲਾਉਂਦੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਛੇਤੀ ਹੀ ਫਰਸ਼ਾਂ ਦੀ ਮੁਰੰਮਤ ਤੋਂ ਇਲਾਵਾ ਬਾਕੀ ਦੇ ਸਾਰੇ ਕੰਮ ਕਰਵਾਉਣਗੇ।