ਅਸ਼ਵਨੀ ਗਰਗ
ਸਮਾਣਾ, 29 ਜਨਵਰੀ
ਚੋਣ ਕਮਿਸ਼ਨ ਵੱਲੋਂ ਕਰੋਨਾ ਤੋਂ ਬਚਾਅ ਲਈ ਲਾਈਆਂ ਪਾਬੰਦੀਆਂ ਨੂੰ ਉਮੀਦਵਾਰਾਂ ਵੱਲੋਂ ਤੋੜਿਆ ਜਾ ਰਿਹਾ ਹੈ। ਜਿੱਤ ਹਾਸਲ ਕਰਨ ਲਈ ਚੋਣ ਕਮਿਸ਼ਨ ਦੀ ਕਿਸੇ ਵੀ ਪਾਬੰਦੀ ਨੂੰ ਮੰਨਣ ਦੀ ਥਾਂ ਸਮਾਣਾ ’ਚ ਹਰ ਦਿਨ ਇਨ੍ਹਾਂ ਨਿਯਮਾਂ ਨੂੰ ਤੋੜਨ ’ਚ ਕੋਈ ਕਮੀ ਨਹੀਂ ਰੱਖੀ ਜਾ ਰਹੀ। ਸੱਤਾਧਾਰੀ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਪੀਐੱਲਸੀ ਹੋਵੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪਾਬੰਦੀਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਖ਼ੁਦ ਨੂੰ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਵੀ ਨਿਯਮਾਂ ਨੂੰ ਤੋੜਨ ’ਚ ਪਿੱਛੇ ਨਹੀਂ। ਉਮੀਦਵਾਰਾਂ ਦੇ ਨਾਲ ਹੀ ਉਨ੍ਹਾਂ ਦੇ ਪ੍ਰਚਾਰ ਵਿੱਚ ਲਗੇ ਹੋਏ ਰਿਸ਼ਤੇਦਾਰਾਂ ਤੱਕ ਚੋਣ ਪਾਬੰਦੀਆਂ ਦੇ ਆਦੇਸ਼ਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।ਇਨ੍ਹਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਪਾਬੰਦੀਆਂ ਨੂੰ ਤੋੜਨ ਤੋਂ ਰੋਕਣ ਦੀ ਥਾਂ ਸਮਾਣਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਮਾਣਾ ’ਚ ਹਰ ਦਿਨ ਚੋਣ ਪਾਬੰਦੀਆਂ ਦੀ ਉਲੰਘਣਾ ਹੋ ਰਹੀ ਹੈ ਪਰ ਕੋਈ ਨੋਟਿਸ ਜਾਰੀ ਕਰਨਾ ਤਾਂ ਦੂਰ ਪ੍ਰਸ਼ਾਸਨ ਵਲੋਂ ਫੋਨ ਕਰਦੇ ਹੋਏ ਇਨ੍ਹਾਂ ਨੂੰ ਰੋਕਣ ਤੱਕ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਚੋਣ ਕਮਿਸ਼ਨ ਨੇ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਚੋਣ ਪ੍ਰਚਾਰ ’ਤੇ ਪਾਬੰਦੀ ਲਾ ਦਿੱਤੀ ਸੀ ਤੇ ਸਿਰਫ਼ 5 ਲੋਕਾਂ ਨਾਲ ਘਰ ਘਰ ਪ੍ਰਚਾਰ ਦੀ ਛੇਟ ਦਿੱਤੀ ਸੀ। 15 ਜਨਵਰੀ ਨੂੰ ਚੋਣ ਕਮਿਸ਼ਨ ਨੇ ਛੋਟ ’ਚ ਮਾਮੂਲੀ ਵਾਧਾ ਕਰਕੇ 5 ਤੋਂ ਵਧਾ ਕੇ 10 ਵਿਅਕਤੀਆਂ ਦੀ ਛੋਟ ਦਿੱਤੀ ਸੀ ਪਰ ਰੈਲੀਆਂ, ਇੱਕਠ, ਨੁੱਕੜ ਮੀਟਿੰਗਾਂ ਆਦਿ ’ਤੇ ਪਾਬੰਦੀ ਲਗਾ ਰੱਖੀ ਹੈ ਪਰ ਸਿਆਸੀ ਪਾਰਟੀਆਂ ਵੱਲੋਂ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਲਗਾਤਾਰ ਇਕੱਠ ਕੀਤੇ ਜਾ ਰਹੇ ਹਨ। ਸਮਾਣਾ ਹਲਕੇ ’ਚ ਇਸ ਵੇਲੇ 10 ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ ਹਨ। ਹਰ ਉਮੀਦਵਾਰ ਇੱਕ ਦਿਨ ’ਚ 10 ਤੋਂ 15 ਇਕੱਠ ਜਾਂ ਮੀਟਿੰਗਾਂ ਨੂੰ ਸੰਬੋਧਨ ਕਰ ਰਿਹਾ ਹੈ ਜਿਸ ’ਚ 50 ਤੋਂ 300 ਵਿਅਕਤੀ ਹੁੰਦੇ ਹਨ। ਸਮਾਣਾ ਹਲਕੇ ’ਚ ਰੋਜ਼ 150 ਤੋਂ ਵੱਧ ਚੋਣ ਇੱਕਠ ਜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ’ਚ ਵੱਡੀ ਗਿਣਤੀ ਲੋਕ ਸ਼ਾਮਲ ਹੋ ਰਹੇ ਹਨ। ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੁ ਕਰਨ ਲਈ ਕਈ ਅਧਿਕਾਰੀਆਂ ਦੀ ਤੈਨਾਤੀ ਕੀਤੀ ਗਈ ਹੈ ਤੇ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਸਰਵਿਲੈਂਸ ਗੱਡੀਆਂ ਜਿਨ੍ਹਾਂ ’ਤੇ ਕੈਮਰੇ ਲੱਗੇ ਹਨ ਵੀ ਲਗਾਈਆਂ ਗਈਆਂ ਹਨ। ਇਸ ਬਾਰੇ ਜਦੋਂ ਸਮਾਣਾ ਦੇ ਚੋਣ ਅਧਿਕਾਰੀ ਟੀ ਬੈਨੀਥ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੀਟਿੰਗ ’ਚ ਵਿਅਸਤ ਹੋਣ ਦਾ ਹਵਾਲਾ ਦੇ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਨਿਯਮਾਂ ਦੇ ਉਲੰਘਣ ਦੇ ਸਬੂਤ ਸੋਸ਼ਲ ਮੀਡੀਆ ’ਤੇ ਮੌਜੂਦ
ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਂਦੀਆਂ ਵੱਡੇ ਇਕੱਠਾਂ ਦੀਆਂ ਫੋਟੋਆਂ ਤੇ ਵੀਡੀਓ ਖੁਦ ਧੱਜੀਆਂ ਉਡਾਉਣ ਵਾਲੇ ਉਮੀਦਵਾਰਾਂ ਵੱਲੋਂ ਆਪਣੇ ਫੇਸਬੁੱਕ ਅਕਾਉਂਟ ਤੇ ਵਾਟਸਐਪ ਗਰੁੱਪਾਂ ’ਚ ਪਾ ਕੇ ਜਿੱਥੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਸਬੂਤ ਦਿੱਤੇ ਜਾ ਰਹੇ ਹਨ ਉਥੇ ਹੀ ਖੁੱਲ੍ਹੇਆਮ ਚੋਣ ਕਮਿਸ਼ਨ ਨੂੰ ਵੀ ਕਾਰਵਾਈ ਕਰਨ ਲਈ ਚੈਲੇਂਜ ਕੀਤਾ ਜਾ ਰਿਹਾ ਹੈ ਕਿ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਸਬੂਤ ਇਕੱਠੇ ਕਰਨ ਲਈ ਕੀਤੇ ਜਾਣਾ ਵੀ ਪਾ ਪਵੇ।