ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਜੁਲਾਈ
ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਚੌਵੀ ਘੰਟਿਆਂ ਦੀ ਭੁੱਖ ਹੜਤਾਲ ਦੀ ਸਮਾਪਤੀ ਮਗਰੋਂ ਮੁਲਾਜ਼ਮਾਂ ਨੇ ਅੱਜ ਸਿਖਰ ਦੁਪਹਿਰੇ ਮੁੱਖ ਮੰਤਰੀ ਨਿਵਾਸ ਤੱਕ ਜਾਗੋ ਕੱਢੀ। ਜਾਗੋ ਦੇ ਬੈਨਰ ਹੇਠਾਂ ਰੋਸ ਮਾਰਚ ਕਰਦੇ ਆ ਰਹੇ ਮੁਲਾਜ਼ਮਾਂ ਦੇ ਇਸ ਕਾਫਲੇ ਨੂੰ ਪੁਲੀਸ ਨੇ ਮੁੱਖ ਮੰਤਰੀ ਨਿਵਾਸ ਨੇੜੇ ਹੀ ਸਥਿਤ ਵਾਈਪੀਐਸ ਚੌਕ ਵਿੱਚ ਰੋਕ ਲਿਆ। ਇੱੱਕ ਦਿਨ ਪਹਿਲਾਂ ਹੀ ਬੇਰੁਜ਼ਗਾਰ ਮੰਚ ਦੇ ਆਗੂ ਸੁਖਵਿੰਦਰ ਢਿੱਲਵਾਂ ਤੇ ਕਈ ਹੋਰਾਂ ਵੱਲੋਂ ਨਿਊ ਮੋਤੀ ਬਾਗ ਪੈਲੇਸ ਦੇ ਮੁੱਖ ਗੇਟ ਤੱਕ ਅੱਪੜਨ ਦੀ ਵਾਪਰੀ ਘਟਨਾ ਕਾਰਨ ਅੱਜ ਚੌਕਸੀ ਹੋਰ ਵੀ ਵਧੇਰੇ ਵਧਾਈ ਹੋਣ ਸਮੇਤ ਪੁਲੀਸ ਵੀ ਕਾਫੀ ਅੱਕੀ ਹੋਈ ਨਜ਼ਰ ਆਈ। ਉਧਰੋਂ ਕਈ ਪਰਤੀ ਬੈਰੀਕੇਡਿੰਗ, ਵਧੇਰੇ ਪੁਲੀਸ ਨਫ਼ਰੀ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਬੈਰੀਕੇਡ ਨਾ ਟੱਪਣ ਦੀਆਂ ਅਪੀਲਾਂ ਵਰਗੇ ਹਾਲਾਤ ਤਹਿਤ ਇਨ੍ਹਾਂ ਮੁਲਾਜ਼ਮਾਂ ਨੇ ਇਸ ਚੌਕ ਵਿੱਚ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਂਜ ਜਾਗੋ ਦੇ ਰੂਪ ਵਿੱਚ ਬੋਲੀਆਂ ਅਤੇ ਟੱਪਿਆਂ ਦੌਰਾਨ ਉਨ੍ਹਾਂ ਨੇ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਨੂੰ ਕੋਸਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਚੌਥਾ ਦਰਜਾ ਕਰਮਚਾਰੀਆਂ, ਵਰਕਚਾਰਜ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸਿਜ਼, ਪਾਰਟ ਟਾਈਮ, ਕਰੋਨਾ ਯੋਧੇ, ਮਲਟੀਟਾਸਕ, ਕੰਟਰੈਕਟ ਨਰਸਿੰਗ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀਆਂ ਆਦਿ ਮੁਲਾਜ਼ਮਾਂ ’ਤੇ ਆਧਾਰਤ ਇਸ ਕਾਫਲੇ ਦੀ ਅਗਵਾਈ ‘ਫੋਰਥ ਕਲਾਸ ਗੌਰਮਿੰਟ ਐਂਪਲਾਈਜ ਯੂਨੀਅਨ’ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਕਰ ਰਹੇ ਸਨ। ਪਹਿਲਾਂ 24 ਘੰਟਿਆਂ ਦੀ ਭੁੱਖ ਹੜਤਾਲ ਖਤਮ ਕਰਕੇ ਰਾਜਿੰਦਰਾ ਹਸਪਤਾਲ ਵਿੱਚ ਕੀਤੀ ਗਈ ਰੋਸ ਰੈਲੀ ਦੌਰਾਨ ਵੀ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ।