ਪੱਤਰ ਪ੍ਰੇਰਕ
ਸਮਾਣਾ, 20 ਅਗਸਤ
ਸਦਰ ਥਾਣੇ ਦੀ ਪੁਲੀਸ ਨੇ ਪਿੰਡ ਮਰੋੜੀ ਵਿੱਚ ਪੰਜ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਡੇਢ ਕਿਲੋ ਭੁੱਕੀ, 400 ਲਿਟਰ ਲਾਹਣ, 134 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇੱਕ ਚਾਲੂ ਭੱਠੀ ਸਣੇ ਦੋ ਜਣਿਆਂ ਨੂੰ ਮੌਕੇ ’ਤੇ ਕਾਬੂ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਔਰਤਾਂ ਸਣੇ ਤਿੰਨ ਜਣੇ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤੇ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਡੀਐੱਸਪੀ ਸੌਰਵ ਜਿੰਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਦਰ ਥਾਣਾ ਮੁਖੀ ਮਹਿਮਾ ਸਿੰਘ ਵੱਲੋਂ ਸਮਾਣਾ ਇਲਾਕੇ ਦੇ ਪਿੰਡ ਮਰੌੜੀ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਬਲਵਿੰਦਰ ਸਿੰਘ ਵਾਸੀ ਪਿੰਡ ਮਰੋੜੀ ਤੋਂ 100 ਲਿਟਰ ਲਾਹਣ, ਜਾਨਕੀ ਤੋਂ 100 ਲਿਟਰ ਲਾਹਣ, ਗੁੱਡੋ ਕੌਰ ਤੋਂ ਇੱਕ ਕਿਲੋ ਪੰਜ ਸੌ ਗ੍ਰਾਮ ਭੁੱਕੀ ਅਤੇ 94 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਤਿੰਨ ਜਣੇ ਫ਼ਰਾਰ ਹੋ ਗਏ।
ਇਸੇ ਤਰ੍ਹਾਂ ਸ਼ਿੰਦਾ ਰਾਮ ਤੋਂ ਇਕ ਚਾਲੂ ਭੱਠੀ 40 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਸਿਓਨਾ ਰਾਮ ਤੋਂ 200 ਲਿਟਰ ਲਾਹਨਣਬਰਾਮਦ ਕਰ ਕੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਮਹਿਮਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਤਸਕਰੀ ਦੇ ਆਦੀ ਹਨ। ਪੁਲੀਸ ਵੱਲੋਂ ਚਿਤਾਵਨੀਆਂ ਦੇਣ ਦੇ ਬਾਵਜੂਦ ਉਹ ਇਸ ਧੰਦੇ ਨੂੰ ਛੱਡ ਨਹੀਂ ਰਹੇ।