ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਸਤੰਬਰ
ਟ੍ਰੈਫਿਕ ਪੁਲੀਸ ਵੱਲੋਂ ਅੱਜ ਡੀਐੱਸਪੀ ਕਰਮਵੀਰ ਸਿੰਘ ਤੂਰ ਦੀ ਅਗਵਾਈ ਹੇਠ ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿੱਚ ਨਜਾਇਜ਼ ਕਬਜ਼ੇ ਹਟਾਏ ਗਏ। ਉਨ੍ਹਾਂ ਨਾਲ ਇੰਸਪੈਕਟਰ ਪ੍ਰੀਤਇੰਦਰ ਸਿੰਘ ਤੇ ਹੋਰ ਸਟਾਫ ਵੀ ਵੱਡੀ ਗਿਣਤੀ ਵਿਚ ਪਹੁੰਚਿਆ ਹੋਇਆ ਸੀ। ਡੀਐੱਸਪੀ ਤੂਰ ਨੇ ਪਹਿਲਾਂ ਦੁਕਾਨਦਾਰਾਂ ਨਾਲ ਗੱਲ ਕੀਤੀ ਅਤੇ ਫਿਰ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਜਿਹੜੇ ਵਾਹਨਾਂ ਦੀ ਗਲਤ ਪਾਰਕਿੰਗ ਸੀ, ਉਨ੍ਹਾਂ ਦਾ ਮੌਕੇ ’ਤੇ ਚਲਾਨ ਕੀਤਾ ਗਿਆ। ਪੁਲੀਸ ਨੇ ਇਕ ਦਰਜਨ ਦੇ ਲਗਭਗ ਗਲਤ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੀਤੇ ਜਦਕਿ ਵੱਡੀ ਮਾਤਰਾ ਵਿਚ ਸਾਮਾਨ ਜ਼ਬਤ ਕੀਤਾ ਗਿਆ।
ਟ੍ਰੈਫਿਕ ਪੁਲੀਸ ਨੇ ਜਿੱਥੇ ਸਖਤ ਕਾਰਵਾਈ ਕੀਤੀ, ਉਥੇ ਦੁਕਾਨਦਾਰਾਂ ਨੂੰ ਵੀ ਸਮਝਾਇਆ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਗਲਤ ਪਾਰਕਿੰਗ ਨਾ ਹੋਣ ਦੇਣ ਅਤੇ ਆਪਣਾ ਸਾਮਾਨ ਬਾਹਰ ਨਾ ਰੱਖਣ। ਟ੍ਰੈਫਿਕ ਪੁਲੀਸ ਵੱਲੋਂ ਇਕ-ਇਕ ਇਲਾਕੇ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਤੂਰ ਨੇ ਕਿਹਾ ਕਿ ਟ੍ਰੈਫਿਕ ਪੁਲੀਸ ਲੋਕਾਂ ਨੂੰ ਟ੍ਰੈਫਿਕ ਜਾਮਾਂ ਤੋਂ ਰਾਹਤ ਦੇਣ ਲਈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾ ਰਹੀ ਹੈ।