ਸੁਭਾਸ਼ ਚੰਦਰ
ਸਮਾਣਾ, 13 ਜਨਵਰੀ
ਪੰਜਾਬ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿਮ ਤਹਿਤ ਗਾਜੇਵਾਸ ਪੁਲੀਸ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਵੱਖ ਵੱਖ ਥਾਵਾ ’ਤੇ ਪੁਲੀਸ ਪਾਰਟੀਆਂ ਵੱਲੋਂ ਕੀਤੀ ਗਈ ਰੇਡ ਦੌਰਾਨ ਸ਼ਰਾਬ ਦੀ ਚਾਲੂ ਭੱਠੀ ਸਣੇ 500 ਲੀਟਰ ਲਾਹਨ ਅਤੇ 77 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 2 ਔਰਤਾਂ ਸਣੇ ਚਾਰ ਲੋਕਾਂ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਦੇ ਛਾਪਿਆਂ ਦੌਰਾਨ ਇਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦੋਂਕਿ ਹੋਰ 3 ਮੁਲਜ਼ਮ ਫਰਾਰ ਹੋਣ ਵਿੱਚ ਸਫਲ ਰਹੇ। ਮੁਲਜ਼ਮਾਂ ਦੀ ਪਛਾਣ ਧਰਮਾ ਸਿੰਘ, ਮਨਜੀਤ ਕੌਰ, ਰੀਨਾ ਅਤੇ ਨਿਰਮਲ ਸਿੰਘ, ਸਾਰੇ ਵਾਸੀ ਪਿੰਡ ਅਚਰਾਲ ਖੁਰਦ ਵਜੋਂ ਹੋਈ ਹੈ।
ਸਦਰ ਪੁਲੀਸ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਗਾਜੇਵਾਸ ਪੁਲੀਸ ਚੌਕੀ ਦੇ ਏਐੱਸਆਈ ਚਰਨਜੀਤ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਕੱਢਣ ਸਬੰਧੀ ਧਰਮਾ ਸਿੰਘ ਵਾਸੀ ਅਚਰਾਲ ਖੁਰਦ ਦੇ ਘਰ ਛਾਪਾ ਮਾਰ ਕੇ ਸ਼ਰਾਬ ਦੀ ਚਾਲੂ ਭੱਠੀ, ਤਿਆਰ ਕੀਤੀ ਨਾਜਾਇਜ਼ ਸ਼ਰਾਬ ਦੀਆਂ 4 ਬੋਤਲਾਂ ਤੇ ਸ਼ਰਾਬ ਬਣਾਉਣ ਲਈ ਰੱਖੀ 350 ਲਿਟਰ ਲਾਹਨ ਬਰਾਮਦ ਕੀਤੀ, ਜਦੋਂਕਿ ਪੁਲੀਸ ਨੂੰ ਦੇਖ ਕੇ ਮੁਲਜ਼ਮ ਫਰਾਰ ਹੋ ਗਿਆ। ਏਐਸਆਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਤਿਆਰ ਕਰਨ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਮਨਜੀਤ ਕੌਰ ਦੇ ਘਰ ਛਾਪੇ ਦੌਰਾਨ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਕੜੀ ’ਚ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਵੱਲੋਂ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਰੀਨਾ ਦੇ ਘਰ ਛਾਪਾ ਕੇ 150 ਲਾਹਣ ਤੇ ਨਾਜਾਇਜ਼ ਸ਼ਰਾਬ ਦੀਆਂ 3 ਬੋਤਲਾਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ ’ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਸਬੰਧੀ ਏਐਸਆਈ ਜਸਵੰਤ ਸਿੰਘ ਵਿਰਕ ਵੱਲੋਂ ਆਪਣੀ ਟੀਮ ਨਾਲ ਦੌਰਾਨ ਮੁਲਜ਼ਮ ਨਿਰਮਲ ਸਿੰਘ ਦੇ ਘਰ ਛਾਪਾ ਮਾਰ ਕੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲੀਸ ਅਧਿਕਾਰੀ ਅਨੁਸਾਰ ਫਰਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲੀਸ ਵੱਲੋਂ ਚੋਰੀ ਦੇ 9 ਮੋਟਰਸਾਈਕਲ ਬਰਾਮਦ
ਪਟਿਆਲਾ (ਖੇਤਰੀ ਪ੍ਰਤੀਨਿਧ) ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਐੱਸਐੱਚਓ ਅੰਮ੍ਰਿਤਬੀਰ ਸਿੰਘ ਦੀ ਅਗਵਾਈ ’ਚ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਅੱਠ ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਕੀਤਾ ਹੈ। ਡੀਐੱਸਪੀ ਸਿਟੀ-2 ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲੀਸ ਦੇ ਹੱਥ ਚੜ੍ਹੇ ਇਨ੍ਹਾਂ ਮੁਲਜ਼ਮਾਂ ’ਚ ਮਨਪ੍ਰੀਤ ਸਿੰਘ ਵਾਸੀ ਵਿਕਾਸ ਨਗਰ, ਹਰਮਨਪ੍ਰੀਤ ਸਿੰਘ ਵਾਸੀ ਪਿੰਡ ਮੰਡੀ ਤੇ ਅਭਿਸ਼ੇਕ ਵਾਸੀ ਪਿੰਡ ਬੱਲਾਂ ਦੇ ਨਾਂ ਸ਼ਾਮਲ ਹਨ, ਜਦੋਂਕਿ ਇਨ੍ਹਾਂ ਦੇ ਇੱਕ ਸਾਥੀ ਆਕਾਸ਼ਦੀਪ ਸਿੰਘ ਵਾਸੀ ਦੀਪ ਨਗਰ ਦੀ ਤਲਾਸ਼ ਜਾਰੀ ਹੈ। ਉਧਰ ਥਾਣਾ ਮੁਖੀ ਅਮਰਵੀਰ ਸਿੰਘ ਦਾ ਕਹਿਣਾ ਸੀ ਕਿ ਬਰਾਮਦ ਕੀਤੇ ਗਏ ਇਹ ਮੋਟਰਸਾਈਕਲ ਤੇ ਐਕਟਿਵਾ ਮੁਲਜ਼ਮਾਂ ਨੇ ਥਾਣਾ ਸਿਵਲ ਲਾਈਨ, ਥਾਣਾ ਤ੍ਰਿਪੜੀ ਤੇ ਥਾਣਾ ਕੋਤਵਾਲੀ ਪਟਿਆਲਾ ਦੇ ਖੇਤਰ ਵਿੱਚੋਂ ਚੋਰੀ ਕੀਤੇ ਸਨ। ਜਿਸ ਸਬੰਧੀ ਕੇਸ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਐਸ.ਆਈ ਜਸਵੀਰ ਸਿੰਘ ਹਨ।