ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਕਤੂਬਰ
ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਅਰਧ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਜ ਇਥੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸਬੰਧੀ ਇਥੇ ਪੁਲੀਸ ਲਾਈਨ ਵਿਖੇ ਐਸਐਸਪੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਪੁਲੀਸ ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਅਤੇ ਆਪਣੇ ਸੂਬੇ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿੱਤਰ ਯਾਦ ’ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ ਵਿਖੇ ਚੀਨ ਦੀ ਫ਼ੌਜ ਵੱਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ ’ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਪਾ ਗਏ ਸਨ। ਐਸਪੀ (ਐਚ) ਹਰਕਮਲ ਕੌਰ ਅਤੇ ਡੀਐਸਪੀ (ਐਚ) ਗੁਰਦੇਵ ਧਾਲ਼ੀਵਾਲ ਦੀ ਨਿਗਰਾਨੀ ਹੇਠਲੇ ਜ਼ਿਲ੍ਹ੍ਵਾ ਪੱਧਰੇ ਇਸ ਸਮਾਗਮ ਨੂੰ ਸੰਬੋਧਨ ਦੌਰਾਨ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਕਰਕੇ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ। ਇਸ ਮੌਕੇ ਆਈ.ਜੀ ਅਤੇ ਐਸਐਸਪੀ ਸਮੇਤ ਡਿਪਟੀ ਕਮਿਸ਼ਨਰ ਸੰਦੀਪ ਹੰਸ, ਮੇਅਰ ਸੰਜੀਵ ਸ਼ਰਮਾ ਬਿੱਟੂ, ਵਧੀਕ ਸੈਸ਼ਨਜ ਜੱਜ ਰਣਜੀਤ ਜੈਨ ਤੇ ਹਰੀ ਸਿੰਘ ਗਰੇਵਾਲ ਆਦਿ ਨੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਡੀ.ਐਸ.ਪੀ. ਮੋਹਿਤ ਅਗਰਵਾਲ ਦੀ ਅਗਵਾਈ ਹੇਠਲੀ ਪੁਲੀਸ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਪਟਿਆਲਾ ਦੇ ਐਸ.ਪੀ. (ਸਥਾਨਕ) ਹਰਕਮਲ ਕੌਰ, ਆਈ.ਜੀ. ਅਤੇ ਐਸ.ਐਸ.ਪੀ. ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ.ਪੀਜ. ਡਾ. ਮਹਿਤਾਬ ਸਿੰਘ, ਕੇਸਰ ਸਿੰਘ ਧਾਲੀਵਾਲ, ਹਰਕਮਲ ਕੌਰ ਤੇ ਪਲਵਿੰਦਰ ਚੀਮਾ, ਡੀ.ਐਸ.ਪੀ.ਗੁਰਦੇਵ ਧਾਲੀਵਾਲ ਆਦਿ ਨੇ ਸ਼ਹੀਦਾਂ ਦੀਆਂ ਤਸਵੀਰਾਂ ’ਤੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪੰਜਾਬ ਪੁਲੀਸ ਹਮੇਸ਼ਾ ਸ਼ਹੀਦਾਂ ਦੀ ਕਰਜ਼ਦਾਰ ਰਹੇਗੀ: ਐੱਸਐੱਸਪੀ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਸਥਾਨਕ ਪੁਲੀਸ ਲਾਈਨ ਵਿਖੇ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਦੇਸ਼ ਲਈ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਨੂੰ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਸ਼ਹੀਦ ਪੁਲੀਸ ਜ਼ਵਾਨਾਂ ਦੇ 54 ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਜ਼ਿਲ੍ਹਾ ’ਤੇ ਸੈਸ਼ਨ ਜੱਜ ਸ੍ਰੀ ਹਰਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ.ਐਸ.ਪੀ. ਸਵੱਪਨ ਸ਼ਰਮਾ ਤੇ ਹੋਰਨਾਂ ਅਧਿਕਾਰੀਆਂ ਵਲੋਂ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਦੌਰਾਨ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਐੱਸਐੱਸਪੀ ਸਵੱਪਨ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲੀਸ ਵੀ ਹਮੇਸ਼ਾ ਆਪਣੇ ਸ਼ਹੀਦਾਂ ਦੀ ਕਰਜ਼ਦਾਰ ਰਹੇਗੀ।