ਖੇਤਰੀ ਪ੍ਰਤੀਨਿਧ
ਪਟਿਆਲਾ, 11 ਨਵੰਬਰ
ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਫੋਨ ਸਨੈਚਰ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ। ਐਸ.ਪੀ. (ਸਿਟੀ) ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ (ਸਿਟੀ-2) ਸੌਰਵ ਜਿੰਦਲ ਦੀ ਨਿਗਰਾਨੀ ਹੇਠਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪੁਲੀਸ ਨੇ 21 ਮੋਬਾਈਲ ਫੋਨ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾ ਵਿਚ ਸੰਦੀਪ ਸਿੰਘ ਸੋਨੀ ਅਤੇ ਅਮਨਦੀਪ ਸਿੰਘ ਸਕਸੈਨਾ ਵਾਸੀ ਬਿਸ਼ਨ ਨਗਰ, ਗੁਰਦੀਪ ਸਿੰਘ ਅਤੇ ਗੁਰਦਿੱਤ ਸਿੰਘ ਵਾਸੀ ਐੱਸਐੱਸਟੀ ਨਗਰ ਸਣੇ ਅਮਨ ਕੁਮਾਰ ਵਾਸੀ ਮਥੁਰਾ ਕਲੋਨੀ ਪਟਿਆਲਾ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਥਾਣਾ ਅਨਾਜ ਮੰਡੀ ਦੀ ਪੁਲੀਸ ਵੱਲੋਂ ਹੀ ਜੀਰੀ ਚੋਰੀ ਕਰਨ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਵੀ ਰਿਮਾਂਡ ਖ਼ਤਮ ਹੋਣ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲੀਸ ਫੋਰਸ ਨਾਲ਼ ਕੀਤੀ ਗਈ ਗ਼ੈਰ-ਰਸਮੀ ਮੀਟਿੰਗ ਦੌਰਾਨ ਐਸ.ਪੀ ਸਿਟੀ ਵਰੁਣ ਸ਼ਰਮਾ ਨੇ ਕਿਹਾ ਕਿ ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰਖਦਿਆਂ, ਪੁਲੀਸ ਫੋਰਸ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠਾਂ ਪੂਰੀ ਤਰ੍ਹਾਂ ਚੌਕਸ ਹੈ। ਸ਼ਹਿਰ ਅੰਦਰ ਨਾਕਾਬੰਦੀ ਸਣੇ ਪੁਲੀਸ ਟੀਮਾਂ ਰਾਤ ਦੀ ਗਸ਼ਤ ’ਤੇ ਵੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਅਤੇ ਧਾਰਮਿਕ ਅਸਥਾਨਾਂ ਸਣੇ ਹੋਰ ਸੰਵੇਦਨਸ਼ੀਲ ਖੇਤਰਾਂ ਵਿਚ ਪੁਲੀਸ ਨੇ ਫੇਰੀਆਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਯਕੀਨੀ ਬਣਾਉਣ ਸਣੇ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਣਾ ਪੁਲੀਸ ਦਾ ਮੁੱਢਲਾ ਫਰਜ਼ ਹੈ।