ਪਟਿਆਲਾ (ਖੇਤਰੀ ਪ੍ਰਤੀਨਿਧ): ਇਲਾਕੇ ਦੇ ਪਿੰਡ ਚੂਹੜਪੁਰ ਕਲਾਂ ਦੀ ਮਹਿਲਾ ਸਰਪੰਚ ਦੇ ਪਤੀ ਮਲਕੀਤ ਸਿੰਘ ਦੀ ਕਥਿਤ ਕੁੱਟਮਾਰ ਕਰਨ ਵਾਲ਼ੇ ਥਾਣਾ ਪਸਿਆਣਾ ਦੇ ਇੱਕ ਥਾਣੇਦਾਰ ਚਮਨ ਲਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਐਸਐਸਪੀ ਡਾ. ਸੰਦੀਪ ਗਰਗ ਦੇ ਆਦੇਸ਼ਾਂ ’ਤੇ ਅਮਲ ’ਚ ਲਿਆਂਦੀ ਗਈ ਹੈ। ਜਿਨ੍ਹਾਂ ਨੇ ਥਾਣੇਦਾਰ ਦੀ ਵਿਭਾਗੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਸਲ ’ਚ ਇਹ ਮਾਮਲਾ 7-8 ਮਾਰਚ ਦੀ ਦਰਮਿਆਨੀ ਰਾਤ ਨੂੰ ਪਟਿਆਲਾ-ਭਵਾਨੀਗੜ੍ਹ ਰੋਡ ’ਤੇ ਵਾਪਰੀ ਘਟਨਾ ਨਾਲ ਜੁੜਿਆ ਹੋਇਆ ਹੈ, ਜਿਥੇ ਕੁੱਟਮਾਰ ਦੇ ਇਸ ਮਾਮਲੇ ਨੂੰ ਲੈ ਕੇ ਰਾਤੀ ਇੱਕ ਵਜੇ ਤੱਕ ਜਾਮ ਵੀ ਲੱਗਾ ਰਿਹਾ। ਇਸ ਮੌਕੇ ਥਾਣੇਦਾਰ ਨੇ ਮਲਕੀਤ ਸਿੰਘ ਦੀ ਕੁੱਟਮਾਰ ਕੀਤੀ। ਪਤਾ ਲੱਗਣ ’ਤੇ ਜਲਦੀ ਹੀ ਇਲਾਕੇ ਦੇ ਪਿੰਡਾਂ ਵਿਚੋਂ ਲੋਕ ਵੀ ਵੱਡੀ ਗਿਣਤੀ ’ਚ ਉਥੇ ਪਹੁੰਚ ਗਏ। ਜਿਸ ਦੌਰਾਨ ਥਾਣੇਦਾਰ ਚਮਨ ਲਾਲ ਤਾਂ ਉਥੋਂ ਖਿਸਕ ਗਿਆ। ਪਰ ਉਸ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਧਰਨਾ ਮਾਰ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਵੱਲੋਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।