ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਦਸੰਬਰ
ਜ਼ਿਲ੍ਹਾ ਪੁਲੀਸ ਪਟਿਆਲਾ ਨੇ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਇਸ ਤਹਿਤ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਵੱਡੇ ਤੜਕੇ ਕਈ ਪਿੰਡਾਂ ਵਿੱਚ ਛਾਪੇ ਮਾਰੇ ਜਿਸ ਦੌਰਾਨ 210 ਲੀਟਰ ਲਾਹਣ (ਦੇਸੀ /ਘਰ ਦੀ ਸ਼ਰਾਬ ਤਿਆਰ ਕਰਨ ’ਤੇ ਆਧਾਰਿਤ ਕੱਚਾ ਮਾਲ) ਸਮੇਤ 63 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ ਪਟਿਆਲਾ ਸ਼ਹਿਰ ਦੇ ਨਜ਼ਦੀਕੀ ਪਿੰਡਾਂ ’ਚ ਛਾਪੇ ਮਾਰ ਕੇ 210 ਲਿਟਰ ਲਾਹਣ ਤੇ 63 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠਲੀ 35 ਮੈਂਬਰੀ ਪੁਲੀਸ ਟੀਮ ਨੇ ਅੱਜ ਸਵੇਰੇ ਕਮਰਕੱਸੇ ਕਰ ਲਏ ਸਨ। ਇਸ ਦੌਰਾਨ ਇਲਾਕੇ ਦੇ ਪਿੰਡ ਸ਼ੰਕਰਪੁਰ ਅਤੇ ਕੌਲੀ ਵਿੱਚ ਬਾਜਵਾ ਟੀਮ ਨੇ ਸਵੇਰੇ ਪੰਜ ਤੋਂ ਲੈ ਕੇ ਕਰੀਬ ਅੱਠ ਵਜੇ ਤੱਕ ਦੋਵਾਂ ਪਿੰਡਾਂ ਵਿੱਚ ਕਈ ਘਰਾਂ ਅਤੇ ਹੋਰਨਾਂ ਥਾਂਵਾਂ ’ਤੇ ਛਾਪੇ ਮਾਰਦਿਆਂ ਪੜਤਾਲ ਕੀਤੀ। ਸ਼ੰਕਰਪੁਰ ਵਿਚਲੇ ਇੱਕ ਘਰ ’ਚੋਂ 210 ਲਾਹਣ ਬਰਾਮਦ ਹੋਇਆ। ਥਾਣਾ ਮੁਖੀ ਪਰਦੀਪ ਬਾਜਵਾ ਅਨੁੁਸਾਰ ਇਸ ਸਬੰਧੀ ਥਾਣਾ ਸਦਰ ਵਿੱਚ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਡੀਐੱਸਪੀ (ਆਰ) ਅਜੈਪਾਲ ਸਿੰਘ ਦਾ ਕਹਿਣਾ ਸੀ ਕਿ ਛਾਪਾ ਮਾਰ ਮੁਹਿੰਮ ਅਗਲੇ ਦਿਨਾਂ ’ਚ ਵੀ ਜਾਰੀ ਰਹੇਗੀ
ਉਧਰ ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠਲੀ ਟੀਮ ਨੇ ਵੱਖਰੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਪਿੰਡ ਦੁਘਾਟ ਵਿਚਲੇ ਇਕ ਘਰ ਵਿੱਚੋਂ ਇੱਕ ਔਰਤ ਦੇ ਕਬਜ਼ੇ ਵਿੱਚੋਂ 36 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਜਿਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਹੀ ਟੀਮ ਨੇ ਨਾਭਾ ਰੋਡ ’ਤੇ ਸਥਿਤ ਪਿੰਡ ਰੌਣੀ ਕੋਲ਼ੋਂ ਵੀ ਪੁਲੀਸ ਨੇ ਦੋ ਸ਼ਰਾਬ ਤਸਕਰਾਂ ਦੇ ਕਬਜ਼ੇ ਵਿੱਚੋਂ 27 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਅਪੀਲ ਕੀਤੀ ਹੈ ਕਿ ਲੋਕ ਅਜਿਹੇ ਅਨਸਰਾਂ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ।