ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਥਾਣਾ ਸਦਰ ਦੀ ਪੁਲੀਸ ਨੇ ਪੁਲੀਸ ਚੌਕੀ ਬਸੰਤਪੁਰਾ ਅਤੇ ਜਨਸੂਆ ਅਧੀਨ ਪੈਂਦੇ ਪਿੰਡਾਂ ਵਿਚ ਅੱਜ ਪੀਜੀ ਦੇ ਤੌਰ ’ਤੇ ਰਹਿ ਰਹੇ ਵਿਦਿਆਰਥੀਆਂ, ਕਿਰਾਏਦਾਰਾਂ ਅਤੇ ਹੋਟਲਾਂ ਦੀ ਜਾਂਚ ਕੀਤੀ। ਥਾਣਾ ਸਦਰ ਦੇ ਮੁੱਖ ਅਫ਼ਸਰ ਅਮਨਦੀਪ ਤਰੀਕਾ ਨੇ ਦੱਸਿਆ ਕਿ ਸੂਬੇ ਅੰਦਰ ਵੱਧ ਰਹੀਆਂ ਅਪਰਾਧ ਦੀਆਂ ਘਟਨਾਵਾਂ ’ਤੇ ਠੱਲ੍ਹ ਪਾਉਣ ਲਈ ਅੱਜ ਥਾਣਾ ਸਦਰ ਅਧੀਨ ਪੈਂਦੀਆਂ ਦੋ ਪੁਲੀਸ ਚੌਕੀਆਂ ਬਸੰਤਪੁਰਾ ਦੇ ਇੰਚਾਰਜ ਥਾਣੇਦਾਰ ਦਵਿੰਦਰ ਸਿੰਘ ਅਤੇ ਜਨਸੂਆ ਦੇ ਇੰਚਾਰਜ ਗੁਰਨਾਮ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀਆਂ ਨੇ ਪੀ.ਜੀ. ’ਚ ਰਹਿ ਰਹੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਹੋਰ ਕਿਰਾਏਦਾਰਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਦਰਸਾਉਂਦੇ ਦਸਤਾਵੇਜ਼ ਵੇਖੇ ਗਏ। ਇਸ ਮੌਕੇ ਥਾਣਾ ਮੁਖੀ ਅਮਨਦੀਪ ਤਰੀਕਾ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪੀਜੀ ਜਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਸ਼ਨਾਖਤ ਨੂੰ ਦਰਸਾਉਂਦੇ ਦਸਤਾਵੇਜ਼ਾਂ ਦੀ ਜਾਂਚ ਜ਼ਰੂਰ ਕਰਨ ਅਤੇ ਸਬੰਧਤ ਪੁਲੀਸ ਚੌਕੀ ਜਾਂ ਥਾਣੇ ਵਿਚ ਇਸ ਦੀ ਜਾਣਕਾਰੀ ਦੇਣੀ ਯਕੀਨੀ ਬਣਾਉਣ। ਇਸੇ ਤਰ੍ਹਾ ਹੋਟਲਾਂ ਵਾਲਿਆਂ ਨੂੰ ਵੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ।