ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਗਸਤ
ਖੱਬੇ ਪੱਖੀ ਸਿਆਸੀ ਪਾਰਟੀ ਸੀਪੀਐੱਮ ਦੀ ਜ਼ਿਲ੍ਹਾ ਲੀਡਰਸ਼ਿਪ ਅੱਜ ਇੱਥੇ ਰੈਲੀ ਕਰਨ ਤੋਂ ਬਾਅਦ ਪੁਲੀਸ ਕੋਲ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਾਉਣ ਲਈ ਖੜ੍ਹੀ ਰਹੀ ਪਰ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ। ਸੀਪੀਐੱਮ ਦੇ ਆਗੂ ਅਤੇ ਸਾਥੀ ਇੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ ਅਤੇ ਗ੍ਰਿਫ਼ਤਾਰ ਕਰਨ ਲਈ ਵਾਰ ਵਾਰ ਕਹਿੰਦੇ ਰਹੇ ਪਰ ਪੁਲੀਸ ਨੇ ਕਿਸੇ ਵੀ ਸਾਥੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਜ਼ਿਲ੍ਹਾ ਸਕੱਤਰ ਕਾਮਰੇਡ ਧਰਮਪਾਲ ਸੀਲ ਨੇ ਦੱਸਿਆ ਕਿ 9 ਅਗਸਤ 1942 ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਵਿੱਚ ਜੇਲ੍ਹ ਭਰੋ ਅੰਦੋਲਨ ਵੀ ਚਲਾਇਆ ਗਿਆ ਸੀ, ਇਸ ਤਹਿਤ ਸਾਡੀ ਪਾਰਟੀ ਦੇ ਆਗੂ ਹਰ ਸਾਲ 9 ਅਗਸਤ ਨੂੰ ਗ੍ਰਿਫ਼ਤਾਰੀਆਂ ਦੇਣ ਲਈ ਪੇਸ਼ ਕਰਦੇ ਹਨ। ਇਸ ਵੇਲੇ ਸਾਡੀਆਂ ਲੋਕ ਪੱਖੀ ਮੰਗਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਮੰਗ ਪੱਤਰ ਦਿੰਦਿਆਂ ਆਪਣੀਆਂ ਮੰਗਾਂ ਰੱਖੀਆਂ, ਇਨ੍ਹਾਂ ਵਿੱਚੋਂ ਜੋ ਲੋਕ ਆਮਦਨ ਕਰ ਦੀ ਮੱਦ ਵਿੱਚ ਨਹੀਂ ਆਉਂਦੇ, ਉਨ੍ਹਾਂ ਦੇ ਖਾਤਿਆਂ ਵਿੱਚ 7500 -7500 ਰੁਪਏ ਪਾਏ ਜਾਣ। ਪਰਿਵਾਰ ਦੇ ਹਰ ਮੈਂਬਰ ਨੂੰ 10 ਕਿੱਲੋ ਅਨਾਜ ਪ੍ਰਤੀ ਮਹੀਨਾ ਦਿੱਤਾ ਜਾਵੇ, ਨਰੇਗਾ ਦਿਹਾੜੀ ਦੇ ਦਿਨਾਂ ਨੂੰ ਵਧਾ ਕੇ 200 ਦਿਨ ਕੀਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ, ਟਰੇਡ ਯੂਨੀਅਨਾਂ ਦੇ ਹੱਕਾਂ ’ਤੇ ਡਾਕਾ ਮਾਰਨਾ ਬੰਦ ਕੀਤਾ ਜਾਵੇ, ਸਾਰੇ ਵਿਭਾਗਾਂ ਦੇ ਕਾਮੇ ਤੇ ਠੇਕੇਦਾਰੀ ਅਧੀਨ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 2020 ਅਤੇ ਖੇਤੀ ਨਾਲ ਸਬੰਧਿਤ ਆਰਡੀਨੈਂਸ ਵਾਪਸ ਲਏ ਜਾਣ। ਜਨਤਕ ਖੇਤਰ ਦਾ ਨਿੱਜੀਕਰਨ, ਨਿਗਮੀਕਰਨ ਬੰਦ ਕੀਤਾ ਜਾਵੇ, ਮਾਰੂ ਸਿੱਖਿਆ ਨੀਤੀ ਵਾਪਸ ਲਈ ਜਾਵੇ, ਜੋ ਵੀ ਮੁਲਾਜ਼ਮ ਕਰੋਨਾ ਵਿਚ ਡਿਊਟੀ ਕਰ ਰਹੇ ਹਨ ਉਨ੍ਹਾਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ। ਉਨ੍ਹਾਂ ਇਸ ਮੌਕੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।