ਪੱਤਰ ਪ੍ਰੇਰਕ
ਪਾਤੜਾਂ, 12 ਦਸੰਬਰ
ਸੂਬੇ ਵਿਚ ਵੱਧਦੇ ਨਕਲੀ ਸ਼ਰਾਬ ਦੇ ਧੰਦੇ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪੰਜਾਬ ਪੁਲੀਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਦੀ ਅਗਵਾਈ ਵਿਚ ਥਾਣਾ ਸ਼ੁਤਰਾਣਾ ਦੀ ਪੁਲੀਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਇਲਾਕੇ ਵਿੱਚ ਬੰਦ ਪਈਆਂ ਫੈਕਟਰੀਆਂ, ਸ਼ੈੱਲਰਾਂ ਅਤੇ ਗੋਦਾਮਾਂ ਸਮੇਤ ਖਾਲੀ ਪਈਆਂ ਥਾਵਾਂ ਉੱਤੇ ਅਚਨਚੇਤੀ ਚੈਕਿੰਗ ਕੀਤੀ। ਇਸ ਦੌਰਾਨ ਭਾਵੇਂ ਪੁਲੀਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਗੈਰ-ਕਾਨੂੰਨੀ ਵਸਤੂ ਨਹੀਂ ਮਿਲੀ ਪਰ ਇਲਾਕੇ ਵਿੱਚ ਗ਼ੈਰਕਾਨੂੰਨੀ ਧੰਦੇ ਕਰਨ ਵਾਲਿਆਂ ਦੇ ਕੰਨ ਖੜ੍ਹੇ ਹੋ ਗਏ ਹਨ। ਥਾਣਾ ਸ਼ੁਤਰਾਣਾ ਦੇ ਮੁਖੀ ਸਮਸ਼ੇਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਜਪੁਰਾ ਵਿੱਚ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਵੱਲੋਂ ਗ਼ੈਰਕਾਨੂੰਨੀ ਫੈਕਟਰੀ ਚਲਾਈ ਜਾ ਰਹੀ ਸੀ ਜਿਸ ਦੀ ਸੂਚਨਾ ਮਿਲਣ ਉੱਤੇ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸ਼ੁਤਰਾਣਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਬੰਦ ਪਈਆਂ ਪੁਰਾਣੀਆਂ ਫੈਕਟਰੀਆਂ ਸ਼ੈੱਲਰਾਂ ਗੁਦਾਮਾਂ ਸਮੇਤ ਸੁੰਨਸਾਨ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ।