ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਫਰਵਰੀ
ਸਾਬਕਾ ਅਕਾਲੀ ਮੰਤਰੀ ਤੇ ਜ਼ਿਲ੍ਹਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੱਤਾ ਧਿਰ ਕਾਂਗਰਸ ਨੇ ਸਮਾਣਾ ਵਿੱਚ ਹੋਈ ਮਿਉਂਪਲ ਚੋਣ ‘ਚ ਸ਼ਰ੍ਹੇਆਮ ਲੋਕਤੰਤਰ ਦਾ ਗਲਾ ਘੁੱਟਿਆ ਹੈ। ਉਨਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੀ ਸੱਤਾਧਾਰੀਆਂ ਨਾਲ ਰਲਿਆ ਹੋਇਆ ਹੈ ਤੇ ਕਾਂਗਰਸੀ ਸ਼ਰ੍ਹੇਆਮ ਪੋਲਿੰਗ ਬੂਥਾਂ ’ਤੇ ਕਬਜ਼ੇ ਕਰਕੇ ਆਪਣੇ ਹੱਕ ‘ਚ ਵੋਟਾਂ ਭੁਗਤਾਉਂਦੇ ਰਹੇ। ਉਨ੍ਹਾਂ ਕਿਹਾ ਕਿ ਇਕੱਲੇ ਸਮਾਣਾ ਵਿੱਚ ਹੀ ਨਹੀਂ ਬਲਕਿ ਪੂਰੇ ਜ਼ਿਲੇ ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਦੀ ਕਿਤੇ ਵੀ ਸੁਣਵਾਈ ਨਾ ਹੋਈ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ’ਤੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਜੇ ਇਹ ਚੋਣਾਂ ਸਫ਼ਲ ਹੋ ਜਾਂਦੀਆਂ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ ,ਜਸਪਾਲ ਸਿੰਘ ਬਿੱਟੂ ਚੱਠਾ , ਸਾਹਿਲ ਗੋਇਲ, ਹਰਜਿੰਦਰ ਸਿੰਘ ਬੱਲ, ਗੁਰਧਿਆਨ ਸਿੰਘ ਭਾਨਰੀ, ਅਜਮੇਰ ਸਿੰਘ ਪਸਿਆਣਾ ਮੌਜੂਦ ਸਨ।