ਪੱਤਰ ਪ੍ਰੇਰਕ
ਪਟਿਆਲਾ, 20 ਜੁਲਾਈ
ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ ਹੋਏ ਸਾਹਿਤਕ ਸਮਾਗਮ ਦੌਰਾਨ ਡਾ. ਜਗਮੋਹਨ ਸੰਘਾ ਦੀ ਸੰਪਾਦਿਤ ਪੁਸਤਕ ‘ਮਹਿਕਦੇ ਅਲਫਾਜ਼’ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਦੇਸ਼ ਵਿਦੇਸ਼ ਦੇ 70 ਕਵੀਆਂ ਦੀਆਂ ਰਚਨਾਵਾਂ ਹਨ। ਕੈਨੇਡਾ ਤੋਂ ਤਸ਼ਰੀਫ਼ ਲਿਆਏ ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸੰਘਾ ਨੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੁਸਤਕ ਦੀ ਸੰਪਾਦਨਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਡਾ.ਰਵਿੰਦਰ ਕੌਰ ਭਾਟੀਆ ਨੇਕਿਹਾ ਕਿ ਅੱਜ ਦੇ ਸਮੇਂ ਵਿਚ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖ਼ਤਮ ਕੀਤਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ। ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਨੇ ਕਿ ਦੇਸ਼ ਵਿਦੇਸ਼ ਦੇ 70 ਕਵੀਆਂ ਦੀਆਂ ਰਚਨਾਵਾਂ ਨੂੰ ਇਕ ਥਾਂ ਸੰਪਾਦਿਤ ਕਰਨਾ ਬੜਾ ਕਠਿਨ ਕਾਰਜ ਹੈ। ਪੁਸਤਕ ਵਿਚ ਸ਼ਾਮਲ ਕਵਿਤਾਵਾਂ ਸੰਬੰਧੀ ਮੀਨਾ ਮਹਿਰੋਕ ਨੇ ਪੇਪਰ ਪੇਸ਼ ਕੀਤਾ। ਇਸ ਮੌਕੇ ਡਾ ਜੀਐੱਸ. ਅਨੰਦ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਆਲੋਚਕ ਡਾ. ਸੁਰਿੰਦਰ ਪਾਲ ਸਿੰਘ, ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ, ਗੁਰਚਰਨ ਕੋਛੜ ਨੇ ਵੀ ਸੰਬੋਧਨ ਕੀਤਾ।