ਪੱਤਰ ਪ੍ਰੇਰਕ
ਪਟਿਆਲਾ, 24 ਅਪਰੈਲ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਅਤੇ ਅਦਾਰਾ ਗੁਸਾਈਂਆਂ ਵੱਲੋਂ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼ਾਇਰ ਗੁਰਚਰਨ ਸਿੰਘ ਚੰਨ ਪਟਿਆਲਵੀ ਦੀ ਦੂਜੀ ਕਾਵਿ ਪੁਸਤਕ ‘ਮੈਨੂੰ ਰੰਗ ਦੇ’ ਲੋਕ ਅਰਪਣ ਕੀਤੀ ਗਈ। ਮੰਚ ਦੇ ਪ੍ਰਧਾਨ ਡਾਕਟਰ ਜੀ.ਐੱਸ. ਅਨੰਦ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਕੁਲਵੰਤ ਸਿੰਘ ਨਾਰੀਕੇ ਨੇ ਪੁਸਤਕ ਦੇ ਲੇਖਕ ਅਤੇ ਪੁਸਤਕ ਬਾਰੇ ਮੁੱਢਲੀ ਜਾਣ-ਪਛਾਣ ਕਰਵਾਈ। ਜਨਰਲ ਸਕੱਤਰ ਬਲਬੀਰ ਜਲਾਲਬਾਦੀ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਕਿਤਾਬ ਬਾਰੇ ਸੁਰਿੰਦਰ ਰਾਮਪੁਰੀ ਨੇ ਪੇਪਰ ਪੜ੍ਹਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਅੱਜ ਦੀ ਕਵਿਤਾ ਸੰਕੇਤਕ ਹੈ ਤੇ ਕਵਿਤਾ ਵਿੱਚ ਕਾਵਿ-ਚਿੰਤਨ, ਕਾਵਿ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਦਾ ਕਥਨ ਸੀ ਕਿ ਚੰਨ ਪਟਿਆਲਵੀ ਦੀ ਕਵਿਤਾ ਦੀ ਸੁਰ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ। ਅਮਰਜੀਤ ਵੜੈਚ ਨੇ ਕਿਹਾ ਕਿ ਕਵਿਤਾ ਵਿੱਚ ਵਿਸਥਾਰ ਦੀ ਜਗ੍ਹਾ ਸੰਵਾਦ ਦੀ ਲੋੜ ਹੁੰਦੀ ਹੈ।