ਪੱਤਰ ਪ੍ਰੇਰਕ
ਪਟਿਆਲਾ, 21 ਜੂਨ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਜਨਵਾਦੀ ਕਵਿਤਾ ਮੰਚ ਪੰਜਾਬ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸ਼ਾਇਰ ਭੁਪਿੰਦਰ ਦੀ ਪੁਸਤਕ, ਭੁਪਿੰਦਰ ਦਾ ਕਾਵਿ ਚਿੰਤਨ (‘ਬੇਦਾਵਾ ਨਹੀਂ’ ਪੁਸਤਕ ਦੇ ਸੰਦਰਭ ਵਿੱਚ) ਨੂੰ ਲੋਕ ਅਰਪਣ ਕੀਤਾ ਗਿਆ। ਇਸ ਵੇਲੇ ਹੋਏ ਕਵਿਤਾ ਸੈਸ਼ਨ ਵਿਚ ਪੁਆਧੀ ਲੇਖਕ ਚਰਨ ਪੁਆਧੀ ਦੀ ਪੁਆਧੀ ਕਵਿਤਾ ‘ਇਬ ਕੇਆਂ ਨਾਲੋਂ ਕਿਤੇ ਮਾਰ੍ਹਾ ਟੈਮ ਚੰਗਾ ਤਾ’ ਨੇ ਕਾਫੀ ਵਾਹ ਵਾਹ ਖੱਟੀ। ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਕਿਹਾ ਕਿ ਬੇਦਾਵਾ ਦੇਣ ਦੀ ਪਰੰਪਰਾ ਠੀਕ ਨਹੀਂ ਹੈ, ਭੁਪਿੰਦਰ ਦੀ ਕਵਿਤਾ ਸਵੈ ਨਾਲ ਜੰਗ ਲੜਨ ਦੀ ਪ੍ਰੇਰਨਾ ਦਿੰਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਜੀਐੱਸ ਅਨੰਦ ਨੇ ਮੰਚ ਦੀਆਂ ਨਿਰੰਤਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਸ਼ਾਇਰਾਂ ਵਿਚੋਂ ਗੁਰਚਰਨ ਪੱਬਾਰਾਲੀ, ਗੁਰਦਰਸ਼ਨ ਗੁਸੀਲ, ਡਾ. ਸੁਰਜੀਤ ਖੁਰਮਾ, ਚਮਕੌਰ ਸਿੰਘ ਚਹਿਲ, ਗੁਲਜ਼ਾਰ ਸ਼ੌਂਕੀ, ਤ੍ਰਿਲੋਕ ਢਿੱਲੋਂ, ਸਰਵਨ ਕੁਮਾਰ ਵਰਮਾ ਨੇ ਸ਼ਮੂਲੀਅਤ ਕੀਤੀ।