ਖੇਤਰੀ ਪ੍ਰਤੀਨਿਧ
ਪਟਿਆਲਾ, 11 ਸਤੰਬਰ
ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ (ਪੀਐੱਮਏ) ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਚਿਤਵੇ ਫਿਊਚਰ ਟਾਈਕੂਨਜ਼ (ਉੱਭਰਦੇ ਉੱਦਮੀਆਂ) ਦਾ ਹੱਥ ਫੜਿਆ ਹੈ। ਪੀਐੱਮਏ ਨੇ ਇਨ੍ਹਾਂ ਉੱਭਰਦੇ ਉੱਦਮੀਆਂ ਨੂੰ ਆਪਣੇ ਕਾਰੋਬਾਰ ਨੂੰ ਵਧਾ ਕੇ ਹੋਰ ਵੱਡੇ ਪੱਧਰ ’ਤੇ ਲਿਜਾਣ ਲਈ ਸਲਾਹ ਦੇਣ ਅਤੇ ਸਹੀ ਮਾਰਗਦਰਸ਼ਨ ਕਰਨ ਲਈ ਇੱਥੇ ਕਰਵਾਏ ਇੱਕ ਸਮਾਰੋਹ ਦੌਰਾਨ ਸਨਮਾਨਤ ਵੀ ਕੀਤਾ।
ਇਸ ਫਿਊਚਰ ਟਾਈਕੂਨਜ਼ ਦੇ ਗ੍ਰੈਂਡ ਫਿਨਾਲੇ ਦੇ ਤਿੰਨ ਉਮੀਦਵਾਰਾਂ ਤੋਂ ਇਲਾਵਾ ਇੱਕ ਹੋਰ ਉੱਭਰਦੇ ਉੱਦਮੀ ਨੇ ਪਟਿਆਲਾ ਮੈਨੇਜਮੈਂਟ ਵੱਲੋਂ ਕਰਵਾਏ ਗਏ ਇੱਕ ਸਮਾਰੋਹ ਦੌਰਾਨ ਉਦਯੋਗਪਤੀਆਂ, ਸਲਾਹਕਾਰਾਂ ਤੇ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਪਾਰਕ ਵਿਚਾਰ ਰੱਖੇ। ਇਨ੍ਹਾਂ ਉੱਭਰਦੇ ਉੱਦਮੀਆਂ (ਫਿਊਚਰ ਟਾਈਕੂਨਜ਼) ਨੇ ਆਪਣਾ ਕਾਰੋਬਾਰ ਪੀ.ਐੱਮ.ਏ. ਦੇ ਸਹਿਯੋਗ ਨਾਲ ਹੋਰ ਅੱਗੇ ਲਿਜਾਣ ਦਾ ਅਹਿਦ ਕੀਤਾ।
ਸਵੈ ਸਹਾਇਤਾ ਸਮੂਹ ਬਣਾ ਕੇ ਆਚਾਰ ਤਿਆਰ ਕਰਨ ਵਾਲੀ ਮਹਿਲਾ ਰਣਜੀਤ ਕੌਰ, ਘੱਟ ਤੋਂ ਘੱਟ ਰਕਬੇ ਵਿੱਚ ਵੀ ਮੱਛੀਆਂ ਫੜਨ ਵਿੱਚ ਮਦਦਗਾਰ ਐਕਵਾ ਫਲੌਕ ਤਿਆਰ ਕਰਨ ਦਾ ਵਿਚਾਰ ਰੱਖਣ ਵਾਲਾ ਤੇਜਵਿੰਦਰ ਸੈਣੀ ਅਤੇ ਬਿਊਟੀ ਪਾਰਲਰ ਉਦਯੋਗ ’ਚ ਵੱਡੇ ਪੱਧਰ ’ਤੇ ਕੰਮ ਕਰਨ ਦੀ ਇੱਛੁਕ ਲੜਕੀ ਲੀਜ਼ਾ ਸਣੇ ਬੁੱਕਵਾਲੇ ਰਾਘਵ ਤੇ ਟੀਮ ਨੇ ਆਪਣੇ ਵਪਾਰਕ ਆਈਡੀਆਜ਼ ਪਟਿਆਲਾ ਮੈਨੇਜਮੈਂਟ ਦੇ ਸਨਮੁੱਖ ਰੱਖੇ।
ਪੀਐਮਏ ਦੇ ਪ੍ਰਧਾਨ ਵਿਕਾਸ ਕਾਲੜਾ ਤੇ ਜਨਰਲ ਸਕੱਤਰ ਸੰਜੇ ਗੁਪਤਾ ਨੇ ਇਨ੍ਹਾਂ ਉਦਮੀਆਂ ਨੂੰ ਭਵਿੱਖ ਵਿੱਚ ਵੀ ਮਾਰਗਦਰਸ਼ਨ ਅਤੇ ਸਲਾਹ ਦੇਣ ਦਾ ਵਾਅਦਾ ਕੀਤਾ। ਪੰਜਾਬ ਯੂਨੀਵਰਸਿਟੀ ਦੇ ਮੈਨੈਜਮੈਂਟ ਸਟੱਡੀ ਵਿਭਾਗ ਤੋਂ ਪ੍ਰੋਫੈਸਰ ਡਾ. ਰਤਿੰਦਰ ਕੌਰ ਨੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਪੀ.ਐਮ.ਏ. ਦੀ ਵਚਨਬੱਧਤਾ ਅਤੇ ਨਿਰੰਤਰ ਯਤਨਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਟੀਆਈਈ ਚੰਡੀਗੜ੍ਹ ਦੇ ਬੁਲਾਰਿਆਂ ਨੇ ਫਿਊਚਰ ਟਾਈਕੂਨਜ਼ ਨੂੰ ਪੇਸ਼ੇਵਰ ਤੇ ਪ੍ਰਬੰਧਨ ਸਲਾਹ ਦਿੰਦਿਆਂ ਉਦਮੀਆਂ ਦੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਦੀ ਲੋੜ ’ਤੇ ਗੱਲ ਕੀਤੀ।