ਖੇਤਰੀ ਪ੍ਰਤੀਨਿਧ
ਪਟਿਆਲਾ, 23 ਮਈ
ਰੋਡਰੇਜ ਦੇ ਮਾਮਲੇ ’ਚ ਜੇਲ੍ਹ ਗਏ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਪ੍ਰਮੁੱਖ ਕਾਂਗਰਸ ਆਗੂਆਂ ਦੀ ਇੱਕ ਇਕੱਤਰਤਾ ਬੀਤੇ ਦਿਨੀਂ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ’ਤੇ ਹੋਈ।
ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਨਵਜੋਤ ਸਿੱਧੂ ਵੱਲੋਂ ਅਪਣਾਏ ਗਏ ਰਾਹ ’ਤੇ ਚੱਲਦੇ ਰਹਿਣ ਦਾ ਅਹਿਦ ਲਿਆ। ਇਸ ਮੌਕੇ ’ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਸਿੱਧੂ ਦੇ ਜੇਲ੍ਹ੍ਵ ਚਲੇ ਜਾਣ ਮਗਰੋਂ ਇਸ ਕਦਰ ਉਨ੍ਹਾਂ ਦੇ ਘਰ ਹਮਾਇਤੀਆਂ ਦੀ ਇਹ ਪਲੇਠੀ ਫੇਰੀ ਸੀ। ਕਾਂਗਰਸ ਆਗੂਆਂ ਨੇ ਸਿੱਧੂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਪਰਿਵਾਰ ਨਾਲ ਖੜ੍ਹੇ ਹਨ। ਅੱਜ ਇਥੇ ਪੁੱਜਣ ਵਾਲੇ ਸਿੱਧੂ ਸਮਰਥਕਾਂ ਵਿਚੋਂ ਵਧੇਰੇ ਸਾਬਕਾ ਵਿਧਾਇਕ ਸਨ, ਜਿਨ੍ਹਾਂ ’ਚ ਪ੍ਰਮੁੱਖ ਹਰਦਿਆਲ ਕੰਬੋਜ, ਕਾਕਾ ਰਾਜਿੰਦਰ ਸਿੰਘ ਸਮਾਣਾ, ਨਵਤੇਜ ਚੀਮਾ, ਪਿਰਮਲ ਖਾਲਸਾ, ਜਗਦੇਵ ਕਮਾਲੂ ਅਤੇ ਨਾਜ਼ਰ ਮਾਨਸ਼ਾਹੀਆ ਸਮੇਤ ਕਾਂਗਰਸ ਦੇ ਸਥਾਨਕ ਪ੍ਰਧਾਨ ਨਰਿੰਦਰ ਲਾਲੀ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਕਾਂਗਰਸ ਦੇ ਮੀਤ ਪ੍ਰਧਾਨ ਸ਼ੈਰੀ ਰਿਆੜ ਆਦਿ ਪ੍ਰਮੁੱਖ ਦੇ ਨਾਮ ਸ਼ਾਮਲ ਹਨ।
ਇਸ ਦੌਰਾਨ ਅਹਿਦ ਲਿਆ ਗਿਆ ਕਿ ਉਹ ਸਾਰੇ ਜਣੇ ਇੱਕਜੁਟ ਹੋ ਕੇ ਪੰਜਾਬ ਦੇ ਮਸਲਿਆਂ ਦੇ ਹੱਲ ਅਤੇ ਪੰਜਾਬ ਦੀ ਬਿਹਤਰੀ ਲਈ ਨਵਜੋਤ ਸਿੱਧੂ ਵੱਲੋਂ ਵਿੱਢੀ ਮੁਹਿਮ ਦੇ ਤਹਿਤ ਉਨ੍ਹਾਂ ਦੇ ਪਦ ਚਿੰਨਾ ’ਤੇ ਚੱਲਦੇ ਰਹਿਣਗੇ।