ਪੱਤਰ ਪ੍ਰੇਰਕ
ਪਟਿਆਲਾ, 30 ਜੁਲਾਈ
ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿੱਧੂਵਾਲ ਵਿੱਚ ਉਸਾਰੀ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਦੌਰਾਨ ਡਾ. ਬਲਬੀਰ ਸਿੰਘ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਵੀ ਮੌਜੂਦ ਰਹੇ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਸ ਵਿੱਤੀ ਸਾਲ ਦੇ ਬਜਟ ਵਿੱਚ ਖੇਡਾਂ ਲਈ ਪੰਜਾਬ ਸਰਕਾਰ ਨੇ 20 ਕਰੋੜ ਰੁਪਏ ਰੱਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ਤੋਂ ਸਕੂਲਾਂ ਵਿੱਚੋਂ ਕਾਬਲ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਪੰਜਾਬ ਵਿਚ ਇਸ ਲਈ ਸਪੋਰਟਸ ਅਫ਼ਸਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਪੰਜਾਬ ਸਰਕਾਰ ਵੱਲੋਂ 29 ਅਗਸਤ ਤੋਂ ਪੰਜਾਬ ਖੇਡ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਇਸ ਵਿੱਚ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ’ਵਰਸਿਟੀ ਨੂੰ ਸੁਚੱਜੇ ਢੰਡ ਨਾਲ ਬਣਾਉਣ ਦੀਆਂ ਹਦਾਇਤਾਂ ਕੀਤੀਆਂ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਪਿੰਡ ਸਿੱਧੂਵਾਲ ਦੇ ਵਸਨੀਕਾਂ ਵੱਲੋਂ ਯੂਨੀਵਰਸਿਟੀ ਬਣਾਉਣ ਲਈ ਦਿੱਤੀ ਜਗ੍ਹਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਪਿੰਡ ਵਾਲਿਆਂ ਨੂੰ ਯੂਨੀਵਰਸਿਟੀ ਵਿੱਚ ਦਾਖ਼ਲੇ ਤੇ ਨੌਕਰੀ ਸਮੇਂ ਪਹਿਲ ਦੇਣ ਸਬੰਧੀ ਵਿਚਾਰ ਕਰੇ। ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਬੱਚੇ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ ਡਾ. ਜੇ.ਐੱਸ ਚੀਮਾ ਨੇ ਦੱਸਿਆ ਕਿ 92.7 ਏਕੜ ਵਿੱਚ ਬਣਾਈ ਜਾ ਰਹੀ ਯੂਨੀਵਰਸਿਟੀ ਵਿੱਚ ਅਗਲੇ ਸੈਸ਼ਨ ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।