ਪੱਤਰ ਪ੍ਰੇਰਕ
ਪਟਿਆਲਾ, 28 ਜੁਲਾਈ
ਅਜੋਕੇ ਸਮੇਂ ਵਿੱਚ ਵਾਤਾਵਰਨ ਦੀ ਸੇਵਾ ਕਰਨਾ ਦੇਸ਼ ਸੇਵਾ ਕਰਨ ਦੇ ਬਰਾਬਰ ਹੈ। ਇਸ ਲਈ ਹਰੇਕ ਨਾਗਰਿਕ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਤਹਿਤ ‘ਕਾਰਗਿਲ ਵਿਜੈ ਦਿਵਸ’ ਨੂੰ ਸਮਰਪਿਤ ਵਣ ਮਹਾਂਉਤਸਵ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕੀਤਾ। ਵਣ ਮਹਾਉਤਸਵ ਦੌਰਾਨ ਸਟੇਡੀਅਮ ਵਿੱਚ ਫੁੱਟਬਾਲ ਕੋਚ ਇੰਦਰਜੀਤ ਸਿੰਘ ਵੱਲੋਂ ਸਥਾਪਿਤ ਮਿੰਨੀ ਜੰਗਲ ਵਿੱਚ ਦੇਸੀ ਕਿਸਮਾਂ ਦੇ ਵੀਹ ਬੂਟੇ ਲਗਾਏ ਅਤੇ ਪੰਜ ਸੌ ਬੂਟੇ ਵੰਡੇ ਗਏ। ਇਸ ਮੌਕੇ ਮਸ਼ਹੂਰ ਗਾਇਕ ਮਨਦੀਪ ਲੱਕੀ ਦੌਣਕਲਾਂ, ਸਾਬਕਾ ਕੌਂਸਲਰ ਦਲਜੀਤ ਚਹਿਲ, ਐਡਵੋਕੇਟ ਅਮਨਪ੍ਰੀਤ ਸਿੰਘ ਢੀਂਡਸਾ, ਸਰਪੰਚ ਦਵਿੰਦਰ ਪਾਲ ਸਿੰਘ ਹਾਜ਼ਰ ਸਨ।
ਪਾਵਰਕੌਮ ਦੇ ਦੱਖਣੀ ਜ਼ੋਨ ਵਿੱਚ ਬੂਟੇ ਲਗਾਏ
ਪਟਿਆਲਾ (ਖੇਤਰੀ ਪ੍ਰਤੀਨਿਧ): ਪਾਵਰਕੌਮ ਦੇ ਦੱਖਣੀ ਜ਼ੋਨ ਵਿੱਚ ਪੰਜਾਬ ਦੇ ਮੁੱਖ ਇੰਜਨੀਅਰ ਸੰਦੀਪ ਗੁਪਤਾ ਨੇ ਬੁੱਧਵਾਰ ਨੂੰ ਦੱਖਣੀ ਜ਼ੋਨ ਅਧੀਨ ਪੈਂਦੇ ਸ਼ਕਤੀ ਵਿਹਾਰ ਵਿੱਚ ਬੂਟੇ ਲਗਾਏ। ਗੁਪਤਾ ਨੇ ਸਟਾਫ਼ ਮੈਂਬਰਾਂ ਨੂੰ ਪ੍ਰੇਰਿਤ ਕਰਦੇ ਹੋਏ ਘੱਟੋ-ਘੱਟ ਇੱਕ ਇੱਕ ਬੂਟਾ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ, ਸਗੋਂ ਬੂਟਿਆਂ ਦੇ ਰੁੱਖ ਬਣਨ ਤੱਕ ਉਨ੍ਹਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਲਗਾਏ ਗਏ ਕਿਸੇ ਵੀ ਕਿਸਮ ਦੇ ਪੌਦੇ ਦਾ ਤੇਜ਼ੀ ਨਾਲ ਵਧਣਾ ਬਹੁਤ ਆਸਾਨ ਹੈ, ਪਰ ਇਸ ਲਈ ਸਾਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਚੀਫ਼ ਇੰਜਨੀਅਰ ਸੰਦੀਪ ਗੁਪਤਾ ਤੋਂ ਇਲਾਵਾ ਇੰਜੀਨੀਅਰ ਅਜੇ ਬਾਂਸਲ, ਇੰਜੀਨੀਅਰ ਸੁਖਪਾਲ ਸਿੰਘ ਅਤੇ ਸਮੂਹ ਦੱਖਣੀ ਜ਼ੋਨ ਦਾ ਸਟਾਫ਼ ਹਾਜ਼ਰ ਸੀ।
ਮਿਸ਼ਨ ਹਰਿਆਲੀ ਤਹਿਤ ਸਕੂਲ ਵਿੱਚ 250 ਬੂਟੇ ਲਾਏ
ਸਮਾਣਾ(ਪੱਤਰ ਪ੍ਰੇਰਕ): ਮਿਸ਼ਨ ਹਰਿਆਲੀ ਤਹਿਤ ਰੋਟਰੀ ਕਲੱਬ ਸਮਾਣਾ ਵੱਲੋਂ ਪ੍ਰਧਾਨ ਮਨੋਜ਼ ਬਾਂਸਲ (ਮੋਜਾ), ਜਨਰਲ ਸਕੱਤਰ ਡਾ: ਮੁਨੀਸ਼ ਗੁਪਤਾ, ਕੈਸ਼ੀਅਰ ਅਮਿਤ ਲੂਥਰਾ ਦੀ ਅਗਵਾਈ ’ਚ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਾਣਾ ’ਚ ਟ੍ਰੀ-ਪਲਾਂਟੇਸ਼ਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਵਿਹੜੇ ਵਿਚ 250 ਛਾਂਦਾਰ ਪੌਦੇ ਲਗਾਏ ਗਏ। ਕਲੱਬ ਪ੍ਰਧਾਨ ਮਨੋਜ਼ ਮੋਜਾ ਅਤੇ ਪ੍ਰਾਜੈਕਟ ਚੇਅਰਮੈਨ ਜੀ.ਸੀ. ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਇਸ ਸਕੂਲ ਵਿਚ 300 ਦੇ ਕਰੀਬ ਪੌਦੇ ਲਗਾਏ ਗਏ ਸਨ, ਜਿਨ੍ਹਾਂ ਦੀ ਜਾਂਚ ਕਰਨ ਤੇ ਵੇਖਣ ’ਚ ਆਇਆ ਕਿ ਕੁਝ ਪੌਦੇ ਹੀ ਖਰਾਬ ਹੋਏ ਹਨ ਤੇ ਬਾਕੀ ਸਾਰੇ ਪੌਦੇ ਸਹੀ ਸਲਾਮਤ ਚਲ ਰਹੇ ਹਨ।