ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 6 ਜਨਵਰੀ
ਮਨਰੇਗਾ ਕਾਮਿਆਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਲਾਇਆ ਧਰਨਾ 9ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਕਾਮਿਆਂ ਵੱਲੋਂ ਬੀਡੀਪੀਓ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਸੁਨਾਮ ਬਲਾਕ ’ਚ ਮਨਰੇਗਾ ਦਾ ਕੰਮ ਕਾਨੂੰਨ ਅਨੁਸਾਰ ਨਹੀਂ ਚਲਾਇਆ ਜਾ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਆਗੂਆਂ ਨੇ ਕਿਹਾ ਕਿ ਪਿੰਡ ਹੰਬਲਬਾਸ, ਚੌਬਾਸ, ਧਰਮਗੜ੍ਹ ਤੇ ਸਤੌਜ ’ਚ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਮਨਰੇਗਾ ਕਾਮਿਆਂ ਨੂੰ 100 ਦਿਨ ਦਾ ਕੰਮ ਦੇਣਾ ਬਣਦਾ ਹੈ ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮਨਰੇਗਾ ਕਾਮੇ ਅਰਜ਼ੀ ’ਤੇ ਕੰਮ ਲੈਣ, ਕੰਮ ਤੋਂ ਪਹਿਲਾਂ ਨਿਯੁਕਤੀ ਪੱਤਰ ਲੈਣ ਤੇ ਹਾਜ਼ਰੀ ਮਸਟਰਰੋਲ ’ਤੇ ਲਾਉਣ ਤੇ ਕੰਮ ਨਾ ਮਿਲਣ ਦੀ ਸੂਰਤ ’ਚ ਬੇਰੁਜ਼ਗ਼ਾਰੀ ਭੱਤਾ ਦੇਣ ਦੀ ਮੰਗ ਕਰਦੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਡੀਪੀਓ ਵੱਲੋਂ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਤੀ ਜਾ ਰਹੀ।
ਉਧਰ, ਜਦੋਂ ਇਸ ਸਬੰਧੀ ਸੁਨਾਮ ਦੀ ਬੀਡੀਪੀਓ ਮੈਡਮ ਨਿਧੀ ਸਿਨਹਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮਨਰੇਗਾ ਕੰਮਾਂ ਵਿੱਚ ਬੀਡੀਪੀਓ ਦਫ਼ਤਰ ਵੱਲੋਂ ਬਣਦੀ ਡਿਊਟੀ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿ ਮਨਰੇਗਾ ਕਾਮਿਆਂ ਨੂੰ ਅਰਜ਼ੀ ’ਤੇ ਕੰਮ ਦਿੱਤਾ ਜਾ ਰਿਹਾ ਹੈ, ਕੰਮ ਤੋਂ ਪਹਿਲਾਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਹਾਜ਼ਰੀ ਮਸਟਰਰੋਲ ’ਤੇ ਲਾਈ ਜਾ ਰਹੀ ਹੈ।
ਮੰਗ ਪੱਤਰ ਚੰਡੀਗੜ੍ਹ ਭੇਜਣ ਦੀ ਥਾਂ ਆਪਣੇ ਕੋਲ ਦੱਬ ਰਹੇ ਨੇ ਅਧਿਕਾਰੀ: ਮਨਰੇਗਾ ਫਰੰਟ
ਨਾਭਾ (ਨਿੱਜੀ ਪੱਤਰ ਪ੍ਰੇਰਕ) ਸੰਯੁਕਤ ਵਿਕਾਸ ਕਮਿਸ਼ਨਰ, ਪੰਜਾਬ ਨੂੰ ਨਾਭਾ ਬੀਡੀਪੀਓ ਰਾਹੀਂ ਪਿਛਲੇ ਦਿਨਾਂ ਵਿੱਚ ਜੋ ਮੰਗ ਪੱਤਰ ਭੇਜੇ ਗਏ ਸਨ ਉਹ ਅੱਗੇ ਭੇਜਣ ਦੀ ਥਾਂ ਆਪਣੇ ਕੋਲ ਦੱਬਣ ਦਾ ਦੋਸ਼ ਲਾਉਂਦਿਆਂ ਮਨਰੇਗਾ ਮਜ਼ਦੂਰਾਂ ਨੇ ਅੱਜ ਬੀਡੀਪੀਓ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਭਾ ਪ੍ਰਸ਼ਾਸਨ ਨੇ ਪੱਤਰ ਉਪਰ ਭੇਜਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਅਨੁਸਾਰ ਹੇਠਾਂ ਜੀਆਰਐੱਸ ਨੂੰ ਆਦੇਸ਼ ਕਰ ਦਿੱਤੇ ਗਏ ਹਨ। ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦੇ ਆਗੂ ਕ੍ਰਿਸ਼ਨ ਲੁਬਾਣਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਿੱਚ ਇਸ ਤੋਂ ਵੱਧ ਹਨੇਰਗਰਦੀ ਕੀ ਹੋਵੇਗੀ ਕਿ ਜੇ ਲੋਕਾਂ ਵੱਲੋਂ ਦਰਜ ਕਰਾਏ ਗਏ ਮੰਗ ਪੱਤਰ ਹੀ ਉੱਪਰ ਨਾ ਭੇਜੇ ਜਾਣ ਅਤੇ ਉਹ ਇਥੇ ਹੀ ਪਏ ਰੱਦੀ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਿਥੇ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਉਥੇ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਹੁਣ ਲੋਕਾਂ ਨੂੰ ਇਸ ਤਰ੍ਹਾਂ ਦੇ ਮੁੱਦੇ ਉੱਪਰ ਵੀ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਫ਼ਰੰਟ ਵੱਲੋਂ ਇਸ ਗੰਭੀਰ ਮਸਲੇ ਉੱਪਰ ਵਿਚਾਰ ਕਰਕੇ ਅਗਲੇਰੀ ਕਾਰਵਾਈ ਉਲੀਕੀ ਜਾਵੇਗੀ। ਇਸ ਸਬੰਧੀ ਨਾਭਾ ਦੇ ਬੀਡੀਪੀਓ ਵਰਿੰਦਰ ਸਿੰਘ ਨੇ ਫੋਨ ਅਤੇ ਕੀਤੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ।