ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਸਤੰਬਰ
ਛੇ ਜ਼ਿਲ੍ਹਿਆਂ ਦੇ ਪਟਿਆਲਾ ਵਿੱਚ ਸਥਿਤ ਵਣਪਾਲ ਸਾਊਥ ਸਰਕਲ ਦੇ ਦਫ਼ਤਰ ਸਾਹਮਣੇ ਲਗਾਤਾਰ ਦੋ ਮਹੀਨਿਆਂ ਤੋਂ ਧਰਨੇ ’ਤੇ ਬੈਠੇ ਜੰਗਲਾਤ ਕਾਮਿਆਂ ਨੇ ਅੱਜ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਪਿੱਟ ਸਿਆਪਾ ਕੀਤਾ। ਜੰਗਲਾਤ ਕਾਮਿਆਂ ਦਾ ਦੋਸ਼ ਹੈ ਕਿ ਮੰਤਰੀ ਵੱਲੋਂ ਤਨਖ਼ਾਹਾਂ ਦੇਣ ਦਾ ਵਾਅਦਾ ਕਰ ਕੇ ਉਸ ’ਤੇ ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਇੱਥੇ ਅੱਜ ਜੰਗਲਾਤ ਕਾਮਿਆਂ ਨੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਿਰੁੱਧ ਵੀ ਭੜਾਸ ਕੱਢੀ। ਉਨ੍ਹਾਂ ਦਾ ਕਹਿਣਾ ਸੀ ਕਿ ਧਰਨੇ ’ਤੇ ਬੈਠੇ ਧਰਨਾਕਾਰੀਆਂ ਨੂੰ ਕਾਰ ਵੱਲੋਂ ਦਰੜੇ ਜਾਣ ’ਤੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਤੇ ਹਸਪਤਾਲ ’ਚ ਜ਼ੇਰੇ ਇਲਾਜ ਜੰਗਲਾਤ ਕਾਮਿਆਂ ਦਾ ਪਤਾ ਲੈਣ ਲਈ ਵੀ ਵਿਧਾਇਕ ਨਹੀਂ ਪੁੱਜੇ। ਪ੍ਰਧਾਨ ਜਗਮੋਹਨ ਨੌਲੱਖਾ ਨੇ ਵਿਧਾਇਕ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਜੰਗਲਾਤ ਕਾਮਿਆਂ ਦੇ ਪ੍ਰਧਾਨ ਜਗਮੋਹਨ ਨੌਲੱਖਾ ਤੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਕਾਮਿਆਂ ਨੂੰ ਕਰੀਬ ਛੇ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਲਗਾਤਾਰ ਸੇਵਾ ਨਿਭਾਉਣ ਵਾਲੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ਾਰਮੂਲਾ ਲਾਗੂ ਨਹੀਂ ਕੀਤਾ, ਵਰਕਰਾਂ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਪਾਈਆਂ ਤਰੁੱਟੀਆਂ ਦੂਰ ਨਹੀਂ ਕੀਤੀਆਂ ਗਈਆਂ, ਕਾਰ ਹਾਦਸੇ ਵਿੱਚ ਜ਼ਖ਼ਮੀ ਵਰਕਰਾਂ ਨੂੰ ਮੁਆਵਜ਼ਾ ਦੇਣ ਦਾ ਅਜੇ ਵੀ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਮਨਾਉਣ ਲਈ ਜੰਗਲਾਤ ਕਾਮਿਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਰੈਲੀ ਵਿੱਚ ਸ਼ਾਮਲ ਗੁਰਮੁਖ ਸਿੰਘ ਪ੍ਰਧਾਨ, ਤਰਲੋਚਨ ਮੰਡੋਲੀ, ਕੁਲਵਿੰਦਰ ਕਾਲਵਾ, ਤਰਲੋਚਨ ਗਿਰ ਸ਼ੇਖ਼ੂਪੁਰਾ, ਗੁਰਚਰਨ ਚੰਨੀ, ਪਾਲਾ ਸਿੰਘ, ਭੀਮ ਸਿੰਘ, ਸੂਰਜ ਯਾਦਵ, ਸ਼ਾਮ ਸਿੰਘ, ਸਤਪਾਲ ਹਰਮੇਸ਼, ਕੁੱਕੀ ਸਮਾਣਾ, ਮਨਪ੍ਰੀਤ ਭੱਟੀਆਂ, ਸੁਖਦੇਵ ਝੰਡੀ ਤੇ ਪ੍ਰਵੀਨ ਸਿੰਘ ਆਦਿ ਆਗੂ ਸ਼ਾਮਲ ਸਨ।