ਸਮਾਣਾ: ਇੱਥੋਂ ਦੇ ਡਾ. ਹਰੀ ਚੰਦ ਪਿੰਗਲਾ ਆਸ਼ਰਮ ’ਚ ਪਿਛਲੇ ਕਰੀਬ 12 ਸਾਲਾਂ ਤੋਂ ਰਹਿ ਰਹੀ ਇੱਕ ਔਰਤ ਨੂੰ ਪਿੰਗਲਾ ਆਸ਼ਰਮ ਕਮੇਟੀ ਨੇ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਪਿੰਡ ਨਵਾਂ ਗਾਓਂ ਜ਼ਿਲ੍ਹਾ ਜਾਲਾਵਾੜ (ਰਾਜਸਥਾਨ) ਦੀ ਰਹਿਣ ਵਾਲੀ ਔਰਤ ਜਸੌਧਾ (35) ਦੇ ਭਰਾ ਗੋਪਾਲ ਸਿੰਘ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾਂ ਜੈਪੁਰ ਤੋਂ ਉਸ ਦੀ ਭੈਣ ਦਿਮਾਗੀ ਪ੍ਰੇਸ਼ਾਨੀ ਕਾਰਨ ਲਾਪਤਾ ਹੋ ਗਈ ਸੀ। ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੀ ਭੈਣ ਦੇ ਪਿੰਗਲਾ ਆਸ਼ਰਮ ’ਚ ਹੋਣ ਬਾਰੇ ਜਾਣਕਾਰੀ ਮਿਲੀ। ਇਸ ਮਗਰੋਂ ਉਹ ਆਸ਼ਰਮ ਕਮੇਟੀ ਨਾਲ ਸੰਪਰਕ ਕਰ ਕੇ ਸਮਾਣਾ ਪੁੱਜੇ ਤੇ ਦਸਤਾਵੇਜ਼ ਦਿਖਾ ਕੇ ਕਮੇਟੀ ਨੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਇੰਦਰਜੀਤ, ਡਾ. ਸੁਰਿੰਦਰਾ ਜੋਹਰੀ ਤੇ ਡਾ. ਸ਼ਾਮ ਲਾਲ ਹਾਜ਼ਰ ਸਨ। -ਪੱਤਰ ਪ੍ਰੇਰਕ