ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾਂ, ਖਾਸ ਕਰਕੇ ਸੂਰ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸੂਰਾਂ ’ਚ ਅਫ਼ਰੀਕਨ ਸਵਾਈਨ ਫੀਵਰ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ’ਤੇ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਇਸ ਦੌਰਾਨ ਪਿੰਡ ਬਿਲਾਸਪੁਰ ਤੇ ਸਨੌਰੀ ਅੱਡੇ ਨੂੰ ਇਨਫੈਕਟਿਡ ਏਰੀਆ ਘੋਸ਼ਿਤ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸ ’ਤੇ ਕਮੇਟੀ ਦੇ ਮੁਖੀ ਤੇ ਏਡੀਸੀ ਗੁਰਪ੍ਰੀਤ ਥਿੰਦ ਨੇ ਕਮੇਟੀ ’ਚ ਸ਼ਾਮਲ ਐਸ.ਡੀ.ਐਮਜ਼, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ, ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਜਸਬੀਰ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਪਾਪੜਾ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਰ ਪਾਲਕ ਆਪਣੇ ਸੂਰਾਂ ’ਚ ਤੇਜ਼ ਬੁਖ਼ਾਰ, ਕੰਨਾਂ ਜਾਂ ਪੇਟ ’ਤੇ ਖ਼ੂਨ ਦੇ ਧੱਬੇ ਅਤੇ ਅਚਾਨਕ ਜ਼ਿਆਦਾ ਗਿਣਤੀ ’ਚ ਸੂਰਾਂ ਦੀ ਮੌਤ ਹੋਣ ਦੀ ਸੂਰਤ ’ਚ ਨਜ਼ਦੀਕੀ ਪਸ਼ੂ ਸੰਸਥਾ ਵਿਚ ਸੰਪਰਕ ਕਰਨ ਅਤੇ ਜਾਰੀ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਵਾਸਤੇ ਹੈਲਪਲਾਈਨ ਨੰਬਰ 0175-2970225 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਧਰ, ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਪਟਿਆਲਾ ਸ਼ਹਿਰ ’ਚ ਬਡੂੰਗਰ ਤੇ ਸਨੌਰੀ ਅੱਡੇ ਸਮੇਤ ਹੋਰ ਪ੍ਰਭਾਵਿਤ ਥਾਵਾਂ ਦਾ ਦੌਰਾ ਕਰ ਕੇ ਸੂਰ ਪਾਲਕਾਂ ਨਾਲ ਗੱਲਬਾਤ ਕੀਤੀ ਅਤੇ ਸੂਰਾਂ ਦਾ ਨਿਰੀਖਣ ਕਰ ਕੇ ਸੈਂਪਲ ਲਏ।