ਖੇਤਰੀ ਪ੍ਰਤੀਨਿਧ
ਪਟਿਆਲਾ, 31 ਜੁਲਾਈ
ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪੇਡੂ ਡਿਸਪੈਂਸਰੀਆਂ ਨਾਲ ਸਬੰਧਤ ਰੂਰਲ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੀ ਗਈ ਸੂਬਾਈ ਹੜਤਾਲ ਅਤੇ ਧਰਨੇ ਅੱਜ 42ਵੇਂ ਦਿਨ ਵੀ ਜਾਰੀ ਰਹੇ। ਇਸੇ ਕੜੀ ਵਜੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਪਟਿਆਲਾ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਦਿੱਤੇ ਗਏ ਅੱਜ ਦੇ ਧਰਨੇ ਦੌਰਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਅੱਜ ਦੇ ਧਰਨੇ ’ਚ ਫਾਰਮੇਸੀ ਅਫਸਰ ਗੁਰਸੇਵਕ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਕੌਰ, ਮੀਨਾਕਸ਼ੀ, ਜੋਤੀ, ਬਬੀਤਾ, ਸੁਖਪਾਲ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਬ੍ਰਹਮਨਾਥ, ਨਿੱਪੀ ਸਿੰਘ ਅਤੇ ਕੁਸ਼ਲਪਾਲ ਸਿੰਘ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਉਹ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਕੰਮ ਕਰ ਰਹੇ ਹਨ। ਜਿਸ ਦੌਰਾਨ ਸਰਕਾਰ ਨਿਗੂਣੀਆਂ ਤਨਖ਼ਾਹਾਂ ਦੇ ਕੇ ਉਨ੍ਹਾਂ ਦਾ ਵਿੱਤ ਸ਼ੋਸ਼ਣ ਕਰ ਆ ਰਹੀ ਹੈ।
ਸੂਬਾਈ ਮੀਤ ਪ੍ਰਧਾਨ ਸਵਰਤ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸੌਜਾ ਦਾ ਕਹਿਣਾ ਸੀ ਕਿ ਪੰਚਾਇਤ ਮੰਤਰੀ ਦੁਆਰਾ ਸਿਹਤਯਾਬ ਹੋਣ ਉਪਰੰਤ ਅਗਲੇ ਹਫ਼ਤੇ ਪੈਨਲ ਮੀਟਿੰਗ ਦੇਣ ਦੇ ਬਾਰੇ ਦਿੱਤੇ ਗਏ ਭਰੋਸਾ ਤਹਿਤ ਹੀ 31 ਜੁਲਾਈ ਨੂੰ ਮੰਤਰੀ ਦੀ ਕੋਠੀ ਦਾ ਘਿਰਾਓ ਨਹੀਂ ਕੀਤਾ ਗਿਆ। ਪਰ ਜੇਕਰ ਇਸ ਮੀਟਿੰਗ ਦੇ ਸਿੱਟੇ ਸਾਰਥਕ ਨਾ ਰਹੇ, ਤਾਂ ਉਹ ਮੰਤਰੀ ਦੀ ਕਾਦੀਆਂ ’ਚ ਸਥਿਤ ਰਿਹਾਇਸ਼ ਦਾ ਪਰਿਵਾਰਾਂ ਸਮੇਤ ਘਿਰਾਓ ਕਰਦਿਆਂ, ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਹੋਣ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।