ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਅਗਸਤ
ਪਿੰਡ ਸ਼ੁਤਰਾਣਾ ਵਿਚ ਰੂੜੀਆਂ ਦੀ ਜਗ੍ਹਾ ’ਤੇ ਕੁਝ ਜਣਿਆਂ ਵੱਲੋਂ ਕਬਜ਼ਾ ਕਰਨ ਦੀ ਨੀਯਤ ਨਾਲ ਢਾਈ ਮਹੀਨਿਆਂ ਵਿਚ ਦੋ ਵਾਰ ਰਾਤ ਸਮੇਂ ਕਾਬਜ਼ ਧਿਰ ਦੀ ਕੁੱਟਮਾਰ ਕੀਤੀ ਗਈ। ਪੀੜਤ ਧਿਰ ਨੇ ਦੋਸ਼ ਲਾਇਆ ਕਿ ਸ਼ਿਕਾਇਤ ਮਗਰੋਂ ਸਹਾਇਕ ਥਾਣੇਦਾਰ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਇ ਪੀੜਤ ਧਿਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਲੈ ਕੇ ਪੀੜਤ ਧਿਰ ਨੇ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਡੀਐੱਸਪੀ ਨੇ ਪੀੜਤ ਧਿਰ ਨੂੰ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।
ਸ਼ਿਕਾਇਤਕਰਤਾ ਕੂੜਾ ਰਾਮ, ਗਗਨਦੀਪ ਕੌਰ, ਬਲਜਿੰਦਰ ਕੁਮਾਰ, ਰਾਮਪਾਲ, ਮਿੱਤਰ ਰਾਮ ਤੇ ਚਰਨਜੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਪਿਛਲੇ ਤੀਹ ਸਾਲਾਂ ਤੋਂ ਪਿੰਡ ਦੇ ਕੋਲ ਮੁਸ਼ਤਰਕਾ ਮਾਲਕਣ ਜ਼ਮੀਨ ਉੱਤੇ ਕਾਬਜ਼ ਹਨ। ਕੁਝ ਜਣਿਆਂ ਨੇ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ 12 ਅਗਸਤ ਨੂੰ ਰਾਤ ਸਮੇਂ ਘਰ ਉੱਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਵੀ ਅਜਿਹਾ ਹੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਵਾਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਪਰ ਕੁੱਟਮਾਰ ਕਰਨ ਵਾਲੀ ਧਿਰ ਉੱਤੇ ਕਾਰਵਾਈ ਕਰਨ ਦੀ ਬਜਾਇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਉਨ੍ਹਾਂ ਨੂੰ ਜ਼ਲੀਲ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣੇਦਾਰ ਨੇ ਸਿਵਲ ਹਸਪਤਾਲ ਸਮਾਣਾ ਵਿਚ ਆਪਣੇ ਤੌਰ ਉੱਤੇ ਬਿਆਨ ਲਿਖ ਕੇ ਉਨ੍ਹਾਂ ਦੇ ਜ਼ਬਰਦਸਤੀ ਦਸਤਖ਼ਤ ਕਰਵਾਏ ਹਨ ਤੇ ਹੁਣ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ।
ਥਾਣਾ ਸ਼ੁਤਰਾਣਾ ਵਿਚ ਤਾਇਨਾਤ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਈ ਬਿਆਨ ਆਪ ਨਹੀਂ ਲਿਖਿਆ ਸਗੋਂ, ਉਨ੍ਹਾਂ ਲਿਖਵਾਏ ਬਿਆਨਾਂ ਨੂੰ ਪੜ੍ਹ ਸੁਣ ਕੇ ਆਪਣੀ ਮਰਜ਼ੀ ਨਾਲ ਦਸਤਖ਼ਤ ਕੀਤੇ ਹਨ।