ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਾਰਚ
‘ਆਪ’ ਦੀ ਸਰਕਾਰ ਸਥਾਪਤ ਹੋਣ ਮਗਰੋਂ ਹੁਣ ਲੋਕ ਭ੍ਰਿਸ਼ਟਾਚਾਰ, ਵਧੀਕੀਆਂ ਅਤੇ ਧੱਕੇਸ਼ਾਹੀਆਂ ਨੂੰ ਠੱਲ੍ਹ ਪਾਉਣ ਲਈ ਖੁਦ ਵੀ ਹਿੰਮਤ ਕਰਨ ਲੱਗੇ ਹਨ, ਜਿਸ ਲਈ ਸ਼ੋਸ਼ਲ ਮੀਡੀਆ ਨੂੰ ਲੋਕ ਮੁੱਖ ਸਾਧਨ ਵਜੋਂ ਵਰਤਣ ਲੱੱਗੇ ਹਨ। ਪੀੜਤ ਵਿਅਕਤੀ ਲੋਕ ਵਿਰੋਧੀ ਗਤੀਵਿਧੀਆਂ ਦੀਆਂ ਵੀਡੀਓ ਜਾਂ ਰਿਕਾਰਡਿੰਗ ਕਰਕੇ ਵਾਇਰਲ ਕਰਨ ਲੱਗੇ ਹਨ,ਤਾਂ ਜੋ ਮਾਮਲਾ ਸਬੰਧਤ ਅਧਿਕਾਰਕੀਆਂ ਤੱਕ ਅੱਪੜ ਸਕੇ।
ਪਟਿਆਲਾ ਦੇ ਅਰਬਨ ਅਸਟੇਟ ਥਾਣੇ ਨਾਲ਼ ਸਬੰਧਤ ਗੋਬਿੰਦ ਐਨਕਲੇਵ ਖੇਤਰ ਦੀ ਅਜਿਹੀ ਹੀ ਇੱਕ ਵੀਡੀਓ ਅੱਜ ਵੀ ਵਾਇਰਲ ਹੋਈ ਜਿਸ’ਚ ਇੱਕ ਪੁਲੀਸ ਮੁਲਾਜ਼ਮ ਇੱਕ ਗਲ਼ੀ ’ਚੋਂ ਖੰਭਾ ਪੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਓਣ ਵਾਲ਼ੇ ਦਾ ਤਰਕ ਹੈ ਕਿ ਇਸ ਮਾਮਲੇ ਦੀ ਬੀਡੀਪੀਓ ਕੋਲ਼ ਪੜਤਾਲ਼ ਚੱਲ ਰਹੀ ਹੈ। ਇਸ ਦੇ ਬਾਵਜੂਦ ਪੁਲੀਸ ਮੁਲਾਜ਼ਮ ਨੇ ਖੰਭਾ ਪੁੱਟ ਦਿੱਤਾ। ਵੀਡੀਓ ’ਚ ਐੱਸਐੱਸਪੀ ਨੂੰ ਸੰਬੋਧਨ ਕਰਦਿਆਂ, ਵੀਡੀਓ ਬਣਾਉਣ ਵਾਲ਼ਿਆਂ ਨੇ ਪੁਲੀਸ ’ਤੇ ਕਥਿਤ ਗੁੰਡਾਗਰਦੀ ਦੇ ਦੋਸ਼ ਲਾਉਂਦਿਆਂ ਕਾਰਵਾਈ ਮੰਗੀ ਹੈ। ਵਾਇਰਲ ਇੱਕ ਹੋਰ ਵੀਡੀਓ ’ਚ ਸਿਹਾਲ ਪਿੰਡ ਦੇ ਇੱਕ ਵਿਅਕਤੀ ਨੇ ਸਮਾਣਾ ਕਚਹਿਰੀਆਂ ਵਿੱਚ 50-50 ਰੁਪਏ ਵਾਲੇ ਅਸ਼ਟਾਮ 70-70 ਰੁਪਏ ’ਚ ਵੇਚਦੇ ਇੱਕ ਅਸ਼ਟਾਮ ਫਰੋਸ਼ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।
ਵਾਇਰਲ ਹੋਈ ਇੱਕ ਹੋਰ ਵੀਡੀਓ ’ਚ ਇਕ ਵਿਅਕਤੀ ਦੱਸ ਰਿਹਾ ਹੈ ਕਿ ਉਸ ਨੇ ਅੱਜ ਜਦੋਂ ਤਹਿਸੀਲਦਾਰ ਕੋਲੋਂ ਜ਼ਮੀਨ ਦੀ ਰਜਿਸਟਰੀ ਕਰਵਾਈ, ਤਾਂ ਰਿਸ਼ਵਤ ਵਜੋਂ ਇੱਕ ਵੀ ਪੈਸਾ ਨਹੀਂ ਮੰਗਿਆ ਗਿਆ। ਬਲਕਿ ਰਜਿਸਟਰੀ ਵੀ ਉਸੇ ਹੀ ਦਿਨ ਮਿਲ ਗਈ, ਜੋ ਆਮ ਤੌਰ ’ਤੇ ਕਈ ਕਈ ਦਿਨਾਂ ਬਾਅਦ ਮਿਲਦੀ ਸੀ।
ਮੁਣਸ਼ੀ ਦੀ ਖਾਤਰਦਾਰੀ ਨਾ ਕਰਨੀ ਐੱਨਆਰਆਈ ਨੂੰ ਮਹਿੰਗੀ ਪਈ
ਥਾਣਾ ਸਦਰ ਸਮਾਣਾ ਨਾਲ਼ ਸਬੰਧਤ ਮੇਜਰ ਸਿੰਘ ਕਕਰਾਲਾ ਨਾਮ ਦੇ ਐਨਆਰਆਈ ਨੇ ਵੀ ਪੁਲੀਸ ਦੇ ਆਹਲਾ ਅਫਸਰਾਂ ਤੱਕ ਪਹੁੰਚ ਕਰਕੇ ਥਾਣਾ ਸਮਾਣਾ ਦੇ ਇੱਕ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ ਕੀਤੀ ਹੈ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਅਸਲਾ ਲਾਇਸੈਂਸ ਨਵਿਆਉਣ ਲਈ ਜਾਂਚ ਪੜਤਾਲ਼ ਦੌਰਾਨ ਉਸ ਨੇ ਪੁਰਾਣੀ ‘ਰਵਾਇਤ’ ਮੁਤਾਬਿਕ ਪੁਲੀਸ ਮੁਲਾਜ਼ਮਾਂ ਦੀ ਕੋਈ ‘ਖਾਤਰਦਾਰੀ’ ਨਹੀਂ ਕੀਤੀ। ਇਸ ਦੇ ਇਵਜ਼ ਵਜੋਂ ਸਬੰਧਤ ਮੁਲਾਜ਼ਮ ਨੇ ਉਸ ਦੀ ਇਹ ਫਾਈਲ ਅੱਗੇ ਡੀਐੱਸਪੀ ਦਫਤਰ ਪਹੁੰਚਾਉਣ ਦੀ ਬਜਾਏ ਕਈ ਦਿਨਾਂ ਤੱਕ ਆਪਣੇ ਕੋਲ਼ ਹੀ ਦੱਬੀਂ ਰੱਖੀ। ਫੇਰ ਜਦੋਂ ਉਸ ਦੀ ਮਿੰਨਤ ਤਰਲਾ ਕਰਕੇ ਇਹ ਫਾਈਲ ਜਦੋਂ ਡੀਐਸਪੀ ਦਫਤਰ ਵਿੱਚ ਪਹੁੰਚਦੀ ਕਰਵਾਈ ਗਈ, ਤਾਂ ਉਸ ਮੁਲਾਜ਼ਮ ਨੇ ਕੋਈ ਅਜਿਹੀ ਤਰੁੱਟੀ ਛੱਡ ਦਿੱਤੀ,ਜਿਸ ਕਾਰਨ ਫਾਈਲ ਵਾਪਸ ਉਸੇ ਮੁਲਾਜ਼ਮ ਕੋਲ਼ ਚਲੀ ਗਈ। ਅਮਰੀਕਾ ਰਹਿੰਦੇ ਮੇਜਰ ਸਿੰਘ ਦਾ ਕਹਿਣਾ ਹੈ ਕਿ ਇਸ ਮੁਲਾਜ਼ਮ ਦੀ ‘ਖਾਤਰਦਾਰੀ’ ਨਾ ਕਰਨੀ ਉਸ ਨੂੰ ਇਸ ਕਦਰ ਮਹਿੰਗੀ ਪੈ ਗਈ ਹੈ ਕਿ ਉਸ ਨੂੰ ਵਾਪਸ ਅਮਰੀਕਾ ਜਾਣ ਵਾਸਤੇ ਲਈ ਹੋਈ ਟਿਕਟ ਵੀ ਅੱਗੇ ਕਰਵਾਉਣੀ ਪਈ ਹੈ। ਮੇਜਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਸੀਟਾਂ ’ਤੇ ਅਜਿਹੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ,ਜੋ ਆਮ ਪਬਲਿਕ ਨੂੰ ਇਸ ਤਰ੍ਹਾਂ ਤੰਗ ਨਾ ਕਰਨ।