ਅਸ਼ਵਨੀ ਗਰਗ
ਸਮਾਣਾ, 17 ਫਰਵਰੀ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਅੱਜ ਇੱਥੇ ਪਾਰਟੀ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਵੱਡੇ ਇੱਕਠ ਨੂੰ ਦੇਖ ਕੇ ਬਾਗੋਬਾਗ ਹੋਏ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਆਗਾਮੀ 20 ਫਰਵਰੀ ਨੂੰ ਝਾੜੂ ਦੇ ਬਟਨ ਨੂੰ ਇੰਨੀ ਜ਼ੋਰ ਨਾਲ ਦਬਾਉਣ ਕਿ ਪੂਰੇ ਪੰਜਾਬ ਵਿੱਚ ਬਸ ਝਾੜੂ ਹੀ ਝਾੜੂ ਦੀ ਆਵਾਜ਼ ਸੁਣਾਈ ਦੇਵੇ। ਭਗਵੰਤ ਮਾਨ ਨੇ ਕਿਹਾ,‘ਇਸ ਵਾਰ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਸਾਰੀਆਂ ਰਵਾਇਤੀ ਪਾਰਟੀਆਂ ’ਤੇ ਝਾੜੂ ਫੇਰ ਕੇ ਸੱਤਾ ਵਿੱਚ ਪਈ ਗੰਦਗੀ ਨੂੰ ਸਾਫ਼ ਕਰ ਦੇਣੈ।’ ‘ਆਪ’ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਸ ਵਾਰ ਬਦਲਾਅ ਚਾਹੁੰਦੇ ਹਨ,ਕਿਉਂਕਿ ਕਾਂਗਰਸ ਤੇ ਅਕਾਲੀ ਦਲ ਨੂੰ ਉਹ ਕਈ ਕਈ ਮੌਕੇ ਦੇ ਕੇ ਦੇਖ ਚੁੱਕੇ ਹਨ।
ਦੂਜੇ ਪਾਸੇ ਸਮਾਣਾ ਤੋਂ ਕਾਂਗਰਸ ਉਮੀਦਵਾਰ ਕਾਕਾ ਰਾਜਿੰਦਰ ਸਿੰਘ ਦੇ ਪਿਤਾ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ‘ਆਪ’ ਵੱਲੋਂ ਕੱਢੇ ਗਏ ਰੋਡ ਸ਼ੋਅ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਰੋਡ ਸ਼ੋਅ ਰਾਹੀਂ ਆਪਣਾ ਜਲੂਸ ਕੱਢ ਲਿਆ ਹੈ ਤੇ ਬਾਕੀ ਰਹਿੰਦੀ ਕਸਰ ਹਲਕੇ ਦੇ ਲੋਕ ਕੱਢ ਦੇਣਗੇ।
ਸਨੌਰ (ਸਰਬਜੀਤ ਸਿੰਘ ਭੰਗੂ): ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅੱਜ ਇੱਥੇ ਹਲਕਾ ਸਨੌਰ ਤੋਂ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਪੰਜਾਬੀਆਂ ਨੂੰ ਆਪਣੇ ਬੱਚਿਆ ਦਾ ਸੁਨਿਹਰਾ ਭਵਿੱਖ ਲਿਖਣ ਦਾ ਮੌਕਾ ਪੰਜਾਂ ਸਾਲਾ ਬਾਅਦ ਮਿਲਿਆ ਹੈ ਜਿਸ ਕਰਕੇ ਲੋਕਾਂ ਨੂੰ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ। ਹਰਮੀਤ ਪਠਾਣਮਾਜਰਾ ਦਾ ਕਹਿਣਾ ਸੀ ਕਿ ਉਸ ਦੀ ਚੜ੍ਹਤ ਤੋਂ ਬੁਖਲਾਏ ਵਿਰੋਧੀਆਂ ਵੱਲੋਂ ਫੈਲਾਈਆਂ ਗਈਆਂ ਝੂਠੀਆਂ ਅਫਵਾਹਾਂ ਕਾਰਨ ਹੋਰ ਵਧੇਰੇ ਲੋਕ ਉਸ ਦੇ ਨਾਲ਼ ਆ ਖਲੋਤੇ ਹਨ।
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਘਨੌਰ ਤੋਂ ‘ਆਪ’ ਉਮੀਦਵਾਰ ਗੁਰਲਾਲ ਘਨੌਰ ਦੇ ਹੱਕ ਵਿੱਚ ਸ਼ੰਭੂ ਬੈਰੀਅਰ ਤੋਂ ਘਨੌਰ ਤੱਕ ਕਰੀਬ 15 ਕਿਲੋਮੀਟਲ ਲੰਮਾ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਅਨਾਜ ਮੰਡੀ ਘਨੌਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਘਨੌਰ ਵਿੱਚੋਂ ਸ਼ਰਾਬ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਿਆਸੀ ਬਦਲਾਅ ਜ਼ਰੂਰੀ ਹੈ। ਇਸ ਲਈ ਹਲਕਾ ਘਨੌਰ ਵਾਸੀ ‘ਆਪ’ ਉਮੀਦਵਾਰ ਗੁਰਲਾਲ ਘਨੌਰ ਨੂੰ ਹਮਾਇਤ ਦਿੱਤੀ ਜਾਵੇ। ਰੋਡ ਸ਼ੋਅ ਦੀ ਅਗਵਾਈ ਸੁਰਿੰਦਰ ਸਰਵਾਰਾ, ਮੇਹਰ ਸਿੰਘ ਮਰਦਾਂਪੁਰ, ਸਰਭਾ ਨਰੜੂ, ਬਲਜਿੰਦਰ ਸਿੰਘ ਮੰਡਿਆਣਾ, ਗੁਰਵਿੰਦਰ ਸਿੰਘ ਸਰਵਾਰਾ, ਹਰੀ ਸਿੰਘ ਬੱਲੋਪੁਰ ਅਤੇ ਰਜਿੰਦਰ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਨੌਜਵਾਨਾਂ ਨੇ ਕੀਤੀ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ (ਰਾਖਵਾਂ) ਹਲਕਾ ਦਿੜ੍ਹਬਾ ਵਿੱਚ ਪਾਰਟੀ ਉਮੀਦਵਾਰ ਹਰਪਾਲ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਲੋਕਾਂ ਅਤੇ ਨੌਜਵਾਨਾਂ ਦਾ ਵਹਾਅ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਦੇ ਹੱਕ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਸ਼ਹਿਰ ਵਿੱਚ ਆਏ ਰੋਡ ਸ਼ੋਅ ਦਾ ਸ਼ਹਿਰ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਇਸ ਦੌਰਾਨ ਖ਼ੁਸ਼ੀ ਚ ਖੀਵੇ ਹੋਏ ਭਗਵੰਤ ਮਾਨ ਨੇ ਆਪਣੇ ਸਮਰਥਕਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਸੂਬੇ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ।