ਬਹਾਦਰ ਸਿੰਘ ਮਰਦਾਂਪੁਰ
ਘਨੌਰ, 4 ਅਗਸਤ
ਪਿੰਡ ਸੰਧਾਰਸੀ ਦੀ ਫੀਡ ਫੈਕਟਰੀ ਦੇ ਬੁਆਇਲਰ ਦੀ ਚਿਮਨੀ ਵਿੱਚੋਂ ਨੇੜਲੇ ਪਿੰਡਾਂ ਦੇ ਰਿਹਾਇਸ਼ੀ ਖੇਤਰ ਵਿੱਚ ਡਿੱਗਦੀ ਸੁਆਹ ਅਤੇ ਫੈਕਟਰੀ ਦੀ ਰਹਿੰਦ-ਖੁੰੂਹਦ ਕਾਰਨ ਪੈਦਾ ਹੋ ਰਿਹਾ ਪ੍ਰਦੂਸ਼ਣ ਇਲਾਕਾ ਨਿਵਾਸੀਆਂ ਲਈ ਜਾਨ ਦਾ ਖੌਅ ਬਣ ਗਿਆ ਹੈ। ਇਥੋਂ ਨੇੜਲੇ ਪਿੰਡ ਸੰਧਾਰਸੀ ਦੇ ਸਰਪੰਚ ਗੁਰਮੀਤ ਸਿੰਘ, ਸਰਪੰਚ ਸੁਰਿੰਦਰ ਸਿੰਘ ਮਿਰਜਾਪੁਰ, ਹਜੂਰਾ ਸਿੰਘ, ਸੁਰਿੰਦਰ ਸਿੰਘ, ਹਰਚਰਨ ਸਿੰਘ ਸੰਧਾਰਸੀ (ਸਾਬਕਾ ਸਰਪੰਚ), ਡਾ. ਗੁਰਮੀਤ ਸਿੰਘ, ਭਗਵੰਤ ਸਿੰਘ, ਪੰਚ ਅਮਰਜੀਤ ਸਿੰਘ ਅਤੇ ਹਰਮੇਸ਼ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਸੰਧਾਰਸੀ ਦੀ ਏ.ਬੀ.ਆਈ.ਐਸ. ਐਕਸਪੋਰਟਸ ਇੰਡੀਆ ਪ੍ਰਾਈਵੇਟ ਲਿਮਟਿਡ ਸੰਧਾਰਸੀ (ਫੀਡ ਫੈਕਟਰੀ) ਵਿੱਚ ਮੁਰਗੀਆਂ ਦੀ ਫੀਡ ਤਿਆਰ ਕੀਤੀ ਜਾਂਦੀ ਹੈ ਅਤੇ ਹੈਚਰੀ ਪ੍ਰਕਿਰਿਆ (ਹੀਟ) ਰਾਹੀਂ ਅੰਡਿਆਂ ਵਿੱਚੋਂ ਚੂਚੇ ਕੱਢੇ ਜਾਂਦੇ ਹਨ। ਫੈਕਟਰੀ ਵਿੱਚ ਲੱਗੇ ਬੁਆਇਲਰ ਦੀ ਚਿਮਨੀ ਵਿੱਚੋਂ ਨੇੜਲੇ ਪਿੰਡਾਂ ਦੇ ਰਿਹਾਇਸ਼ੀ ਖੇਤਰ ਵਿੱਚ ਡਿੱਗਦੀ ਸੁਆਹ ਅਤੇ ਫੈਕਟਰੀ ਦੀ ਰਹਿੰਦ ਖੁੰਹਦ ਟੈਂਕਰਾਂ ਅਤੇ ਡਰੰਮਾਂ ਵਿੱਚ ਭਰ ਕੇ ਪਿੰਡ ਨੇੜੇ ਸੁੱਟਣ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਤੋਂ ਲੋਕ ਗੰਭੀਰ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਰਹੇ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕਾਂ ਵੱਲੋਂ ਫੈਕਟਰੀ ਅੰਦਰ ਡੂੰਘੇ ਬੋਰ ਕਰਕੇ ਦੂਸ਼ਿਤ ਪਾਣੀ ਨੂੰ ਰਿਚਾਰਜ ਸਿਸਟਮ ਰਾਹੀਂ ਜ਼ਮੀਨ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿਸ ਕਾਰਨ ਸਮੁੱਚੇ ਖੇਤਰ ਦਾ ਜ਼ਮੀਨੀ ਪਾਣੀ ਦੂਸ਼ਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਪ੍ਰਦੂਸ਼ਣ ਬੋਰਡ ਅਤੇ ਐਸ.ਡੀ.ਐਮ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ। ਪ੍ਰੰਤੂ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਫੈਕਟਰੀ ਪ੍ਰਬੰਧਕਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜੇਕਰ ਸਰਕਾਰ ਨੇ ਉਕਤ ਫੈਕਟਰੀ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਦੀ ਹਫਤੇ ਅੰਦਰ ਰੋਕਥਾਮ ਨਾ ਕੀਤੀ ਤਾਂ ਪਿੰਡ ਵਾਸੀ ਫੈਕਟਰੀ ਗੇਟ ਮੂਹਰੇ ਅਣਮਿੱਥੇ ਸਮੇਂ ਲਈ ਰੋਸ ਧਰਨੇ ਦੇਣਗੇ। ਇਸ ਸਬੰਧੀ ਸੰਪਰਕ ਕਰਨ ’ਤੇ ਫੈਕਟਰੀ ਮੈਨੇਜਰ ਬਲਵੰਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਜਾ ਰਿਹਾ। ਇਸ ਦੀ ਕੋਈ ਵੀ ਜਾਂਚ ਕਰ ਸਕਦਾ ਹੈ। ਜਦੋਂ ਕਿ ਐਕਸੀਅਨ ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ, ਪਟਿਆਲਾ ਨਵਤੇਸ਼ ਸਿੰਗਲਾ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਮੌਕੇ ’ਤੇ ਜਾ ਕੇ ਜਾਂਚ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।