ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਸਤੰਬਰ
ਨਗਰ ਕੌਂਸਲ ਪਾਤੜਾਂ ਵੱਲੋਂ ਸ਼ਹਿਰ ਵਿੱਚ ਸਫਾਈ ਮਗਰੋਂ ਇਕੱਠਾ ਹੋਇਆ ਕੂੜਾ ਕਰਕਟ ਸੁੱਟੇ ਜਾਣ ਕਾਰਨ ਪਿੰਡ ਜੋਗੇਵਾਲਾ ਦੇ ਲੋਕ ਡਾਢੇ ਦੁਖੀ ਹਨ। ਸ਼ਹਿਰ ਦਾ ਕੂੜਾ ਪਿੰਡ ਦੇ ਖੇਤਾਂ ਵਿੱਚ ਫੈਲ ਜਾਣ ਕਰਕੇ ਮੱਖੀਆਂ ਮੱਛਰਾਂ ਦੀ ਭਰਮਾਰ ਹੋਣ ਕਾਰਨ ਪਿੰਡ ਵਾਸੀਆਂ ਨੂੰ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਹਿਰ ਦੀ ਗੰਦਗੀ ਤੋਂ ਨਿਜਾਤ ਦਿਵਾਈ ਜਾਵੇ।
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਜੋਗੇਵਾਲਾ ਤੋਂ ਪ੍ਰਧਾਨ ਕਿਸਾਨ ਵੈੱਲਫੇਅਰ ਸੁਸਾਇਟੀ ਸੁੱਧਪਾਲ ਸਿੰਘ, ਨੰਬਰਦਾਰ ਦਲੇਰ ਸਿੰਘ, ਮਿਲਖਾ ਸਿੰਘ ਪੰਨੂੰ, ਹਰਦੀਪ ਸਿੰਘ ਸ਼ਾਹੀ, ਬਘੇਲ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਰੰਧਾਵਾ, ਗੁਰਵਿੰਦਰ ਸਿੰਘ, ਫਤਿਹ ਸਿੰਘ ਤੇ ਸਤਨਾਮ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਪਾਤੜਾਂ ਨੇ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਲਈ ਸ਼ਹਿਰ ਤੋਂ ਕਰੀਬ ਦਸ ਕਿਲੋਮੀਟਰ ਦੂਰ ਪਿੰਡ ਦੇ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਇੱਕ ਵਿਅਕਤੀ ਕੋਲੋਂ ਠੇਕੇ ਉੱਤੇ ਜ਼ਮੀਨ ਲਈ ਹੈ। ਇਸ ਵਿੱਚ ਪਿਛਲੇ ਕਈ ਸਾਲਾਂ ਤੋਂ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਉਣੀ ਦੇ ਸੀਜ਼ਨ ਦੌਰਾਨ ਬਰਸਾਤਾਂ ਦੀ ਵਜ੍ਹਾ ਕਾਰਨ ਗੰਦਗੀ ਪਾਣੀ ਵਿੱਚ ਵਹਿ ਕੇ ਆਸ ਪਾਸ ਦੇ ਖੇਤਾਂ ਵਿੱਚ ਚਲੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਨਾਲ ਲੱਗਦੀ ਜਗ੍ਹਾ ਵਿੱਚ ਇਸ ਤਰ੍ਹਾਂ ਸ਼ਹਿਰ ਦਾ ਕੂੜਾ ਕਰਕਟ ਸੁੱਟਣਾ ਗੈਰਕਾਨੂੰਨੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਨਿਜਾਤ ਦਿਵਾਈ ਜਾਵੇ। ਨਗਰ ਕੌਂਸਲ ਪਾਤੜਾਂ ਦੀ ਕਾਰਜਸਾਧਕ ਅਫ਼ਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੂੜਾ ਕਰਕਟ ਸੁੱਟਣ ਲਈ ਉਕਤ ਜ਼ਮੀਨ ਪੰਜ ਸਾਲ ਲਈ ਲੀਜ਼ ਉੱਤੇ ਲਈ ਗਈ ਹੈ ਜਿਸ ਵਿੱਚੋਂ ਦੋ ਸਾਲ ਦਾ ਸਮਾਂ ਬਾਕੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਮਗਰੋਂ ਨਗਰ ਕੌਂਸਲ ਨੇ ਉਕਤ ਜਗ੍ਹਾ ਦੇ ਦੁਆਲੇ ਜਾਲੀ ਲਗਾਉਣ ਦਾ ਪ੍ਰਬੰਧ ਕੀਤਾ ਸੀ ਪਰ ਕੁਝ ਮੁਸ਼ਕਿਲਾਂ ਕਾਰਨ ਉਹ ਲੱਗ ਨਹੀਂ ਸੀ ਸਕੀ। ਹੁਣ ਨਗਰ ਕੌਂਸਲ ਕੂੜਾ ਕਰਕਟ ਸੁੱਟਣ ਲਈ ਜ਼ਮੀਨ ਖਰੀਦਣ ਦੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।