ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਫਰਵਰੀ
ਕਾਂਗਰਸ ਵੱਲੋਂ ਅੱਠ ਵਾਰ ਚੋਣਾਂ ਲੜ ਕੇ ਛੇ ਵਾਰ ਵਿਧਾਇਕ ਅਤੇ ਦਰਜਨ ਭਰ ਵਿਭਾਗਾਂ ਦੇ ਵਜ਼ੀਰ ਰਹਿ ਚੁੱਕੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ (ਚੇਅਰਮੈਨ ਪੰਜਾਬ ਮੰਡੀ ਬੋਰਡ) ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਅਪਣਾਈਆਂ ਗਈਆਂ ਉਸਾਰੂ ਨੀਤੀਆਂ ਦੇ ਚੱਲਦਿਆਂ ਐਤਕੀਂ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾ ਰਹੇ। ਉਹ ਅੱਜ ਇੱਥੇ ਫੁਹਾਰਾ ਚੌਕ ਨੇੜੇ ਸਥਿਤ ਆਪਣੀ ਨਿੱੱਜੀ ਰਿਹਾਇਸ਼ ’ਤੇ ਕਾਂਗਰਸ ਵਰਕਰਾਂ ਨੂੰ ਸਮਾਣਾ ਤੋਂ ਦੂਜੀ ਵਾਰ ਚੋਣ ਲੜ ਰਹੇ ਆਪਣੇ ਫਰਜੰਦ ਕਾਕਾ ਰਾਜਿੰਦਰ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਲਈ ਰਵਾਨਾ ਕਰਦਿਆਂ ਕਰਨ ਮੌਕੇ ਸੰਬੋਧਨ ਕਰ ਰਹੇ ਸਨ।
ਲਾਲ ਸਿੰਘ ਦਾ ਕਹਿਣਾ ਸੀ ਕਿ ਵਿਰੋਧੀ ਰਾਜਸੀ ਪਾਰਟੀਆਂ ਤਾਂ ਭਾਵੇਂ ਸਿਰਫ਼ ਐਲਾਨ ਤੱਕ ਹੀ ਸੀਮਤ ਰਹੀਆਂ ਹਨ, ਪਰ ਕਾਂਗਰਸ ਪਾਰਟੀ ਵੱਲੋਂ ਜਿਥੇ ਪਿਛਲੇ ਦਿਨੀਂ ਦਲਿਤ ਵਰਗ ਨਾਲ਼ ਸਬੰਧਤ ਸਰਕਾਰ ਚਰਨਜੀਤ ਸਿੰਘ ਚੰਨੀ ਨੂੰ ਬਾਕਾਇਦਾ ਮੁੱਖ ਮੰਤਰੀ ਬਣਾ ਕੇ ਨਿਵਾਜਿਆ ਹੈ, ਉੱਥੇ ਹੀ ਅਗਾਮੀ ਸਰਕਾਰ ਲਈ ਵੀ ਚਰਨਜੀਤ ਸਿੰਘ ਚੰੰਨੀ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਚੋਣ ਰਣਨੀਤੀ ਅਤੇ ਜੋੜ-ਤੋੜ ਦੀ ਰਣਨੀਤੀ ’ਚ ਵਿਸ਼ਸ਼ ਮੁਹਾਰਤ ਰੱਖਦੇ ਲਾਲ ਸਿੰਘ ਦਾ ਕਹਿਣਾ ਸੀ ਕਿ ਸ਼ਾਇਦ ਉਹ ਇਕੱਲੇ ਹੀ ਅਜਿਹੇ ਆਗੂ ਹੋਣ ਜਿਨ੍ਹਾਂ ਨੇ ਲਗਾਤਾਰ ਅੱਠ ਚੋਣਾਂ ਇੱਕੋ ਹੀ ਕਾਂਗਰਸ ਪਾਰਟੀ ਦੀ ਤਰਫ਼ੋਂ ਇੱਕੋ ਹੀ ਹਲਕੇ ਡਕਾਲਾ (ਹੁਣ ਸਨੌਰ) ਤੋਂ ਲਗਾਤਾਰ ਅੱਠ ਵਾਰ ਚੋਣਾ ਲੜੀਆਂ ਹਨ। ਇਸ ਮੌਕੇ ਜਸਵੰਤ ਸਿੰਘ ਕੌਰਜੀਵਾਲਾ ਤੇ ਹੋਰ ਆਗੂ ਵੀ ਮੌਜੂਦ ਸਨ। ਦੇਰ ਸਾਮ ਤੱਕ ਉਨ੍ਹਾਂ ਨੇ ਕਈ ਪਿੰਡਾਂ ’ਚ ਚੋਣ ਮੀਟਿੰਗਾਂ ਕਰਕੇ ਪੁੱਤ ਲਈ ਵੋਟਾਂ ਮੰਗੀਆਂ।