ਜੈਸਮੀਨ ਭਾਰਦਵਾਜ
ਨਾਭਾ, 16 ਮਈ
ਅਜਨੋਦਾ ਪਿੰਡ ਵਿੱਚ ਮਈ ’ਚ 13 ਮੌਤਾਂ ਹੋਈਆਂ ਜਿਨ੍ਹਾਂ ’ਚੋਂ 6 ਵਿਅਕਤੀ ਕਰੋਨਾ ਪਾਜ਼ੇਟਿਵ ਸਨ। ਅੱਜ ਪਿੰਡ ਦੇ ਤਿੰਨ ਘਰਾਂ ’ਚ ਅੰਤਿਮ ਅਰਦਾਸ ਕਰਕੇ ਭੋਗ ਪਾਏ ਗਏ ਪਰ ਅਜੇ ਵੀ ਕਰੋਨਾ ਸਬੰਧੀ ਅਫਵਾਹਾਂ ਤੇ ਦੂਜਾ ਸਰਕਾਰੀ ਹਸਪਤਾਲਾਂ ’ਤੇ ਬੇਭਰੋਸਗੀ ਭਾਰੂ ਹੈ। ਇਸਦੇ ਚਲਦੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਕੰਮ ਕਰਨ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਬੱਚੇ ਬੱਚੇ ਦੀ ਜ਼ੁਬਾਨ ’ਤੇ ਲੰਮੇ ਸਮੇ ਤੋਂ ਚਲਦੀ ਆ ਰਹੀ ਅਫਵਾਹ ਸੁਣਨ ਨੂੰ ਮਿਲੀ ਕਿ ਸੂਬਾ ਸਰਕਾਰ ਨੂੰ ਇਕ ਕਰੋਨਾ ਮਰੀਜ਼ ਦੇ 3 ਲੱਖ ਰੁਪਏ ਮਿਲਦੇ ਹਨ ਤੇ ਰਾਜਿੰਦਰਾ ਹਸਪਤਾਲ ਗਿਆ ਮਰੀਜ਼ ਵਾਪਸ ਨਹੀਂ ਆਉਂਦਾ। ਅਜਨੋਦਾ ’ਚ ਪ੍ਰਾਇਮਰੀ ਸਿਹਤ ਕੇਂਦਰ ਹੋਣ ਦੇ ਬਾਵਜੂਦ ਕਰੋਨਾ ਟੀਕਾਕਰਨ ਦਾ ਰੁਝਾਨ ਬਹੁਤ ਘੱਟ ਹੈ। ਇਕ ਡਾਕਟਰ ਮੁਤਾਬਕ ਕਰੋਨਾ ਮਰੀਜ਼ ਬਲਬੀਰ ਕੌਰ ਦੇ ਘਰਦੇ ਰਾਜਿੰਦਰਾ ਹਸਪਤਾਲ ਲੈ ਕੇ ਜਾਣ ਤੋਂ ਲਿਖਤੀ ਮਨਾ ਕਰ ਗਏ। ਸਰਪੰਚ ਤਰਨਪ੍ਰੀਤ ਸਿੰਘ ਤੇ ਸਿਹਤ ਕੇਂਦਰ ਦੇ ਡਾ. ਸਰਬਜੀਤ ਕੌਰ ਨੇ ਅਫਵਾਹਾਂ ਤੇ ਬੇਭਰੋਸਗੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਟੈਸਟਿੰਗ ਤੇ ਇਲਾਜ ’ਚ ਪਿੰਡ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ।