ਪੱਤਰ ਪ੍ਰੇਰਕ
ਰਾਜਪੁਰਾ, 7 ਜੂਨ
ਸਰਕਾਰ ਵੱਲੋਂ ਮਾਲ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਖ਼ਿਲਾਫ਼ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਨੇ ਪਹਿਲੀ ਜੂਨ ਤੋਂ 8 ਜੂਨ ਤੱਕ ਸਮੂਹਿਕ ਤੌਰ ’ਤੇ ਛੁੱਟੀ ’ਤੇ ਰਹਿਣ ਦਾ ਐਲਾਨ ਕੀਤਾ ਹੋਇਆ ਹੈ। ਇਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲ ਅਫਸਰਾਂ ਦੀ ਹੜਤਾਲ ਕਾਰਨ ਜ਼ਮੀਨ-ਜਾਇਦਾਦ ਦੇ ਬੈਨਾਮੇ, ਬੈਂਕ ਰਜਿਸਟਰੀਆਂ, ਰਜਿਸਟਰ ਵਸੀਤਾਂ, ਮੈਰਿਜ ਰਜਿਸਟਰਡ, ਪੰਜਾਬ ਵਾਸੀ ਸਰਟੀਫਿਕੇਟ ਅਤੇ ਹੋਰ ਤਹਿਸੀਲਾਂ ਨਾਲ ਸਬੰਧਤ ਕੰਮਕਾਜ ਨਹੀਂ ਹੋ ਰਹੇ। ਇਸ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਖੱਜਲ-ਖੁਆਰ ਹੋ ਕੇ ਘਰਾਂ ਨੂੰ ਪਰਤਣਾ ਪੈ ਰਿਹਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋ ਰਿਹਾ ਹੈ।
ਰਾਜਪੁਰਾ ਅਤੇ ਘਨੌਰ ਨਾਲ ਸਬੰਧਤ ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਨਾਲ ਤੁਰੰਤ ਗੱਲਬਾਤ ਕਰਕੇ ਮਾਮਲੇ ਦਾ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਲੋਕ ਖੱਜਲ ਖੁਆਰੀ ਤੋਂ ਬਚ ਸਕਣ। ਦੱਸਣਯੋਗ ਹੈ ਕਿ ਰਾਜਪੁਰਾ ਅਤੇ ਘਨੌਰ ਵਿੱਚ ਔਸਤਨ ਰੋਜ਼ਾਨਾ ਕ੍ਰਮਵਾਰ ਤਿੰਨ ਦਰਜਨ ਅਤੇ ਇੱਕ ਦਰਜਨ ਬੈਨਾਮੇ ਤਸਦੀਕ ਹੁੰਦੇ ਹਨ ਜਿਨ੍ਹਾਂ ਤੋਂ ਸਰਕਾਰ ਨੂੰ ਲੱਖਾਂ ਰੁਪਏ ਵਿੱਚ ਮਾਲੀਆ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕਾਰਜਾਂ ਤੋਂ ਵੀ ਸਰਕਾਰੀ ਫੀਸ ਵਜੋਂ ਆਮਦਨ ਸਰਕਾਰ ਕੋਲ ਆਉਂਦੀ ਹੈ।