ਨਿੱਜੀ ਪੱਤਰ ਪ੍ਰੇਰਕ
ਧੂਰੀ, 22 ਸਤੰਬਰ
ਪਿੰਡ ਖੜਕੇਵਾਲ ਅਤੇ ਬਨਭੌਰੀ ਦੇ ਵਿੱਚਕਾਰ ਪੇਂਡੂ ਲਿੰਕ ਸੜਕ ’ਤੇ ਉਸਾਰੇ ਗੁਦਾਮਾਂ ਵਿੱਚ ਕੇਂਦਰੀ ਖੁਰਾਕ ਏਜੰਸੀ ਐੱਫ.ਸੀ.ਆਈ. ਵਲੋਂ ਲਾਏ ਗਏ ਚੌਲਾਂ ਦੇ ਗੱਟਿਆਂ ਵਿੱਚ ਸਮੇਂ ਸਿਰ ਕੀੜੇਮਾਰ ਦਵਾਈ ਦੀ ਵਰਤੋਂ ਨਾ ਕੀਤੇ ਜਾਣ ਕਾਰਨ ਵੱਡੀ ਤਦਾਦ ਵਿੱਚ ਪੈਦਾ ਹੋ ਰਹੀ ਸੁਸਰੀ ਨੇ ਪਿੰਡ ਬਨਭੌਰੀ, ਖੜਕੇਵਾਲ, ਦਰੋਗੇਵਾਲ, ਭੈਣੀਕਲਾਂ, ਸੰਗਾਲਾ, ਸੰਗਾਲੀ ਅਤੇ ਭਸੌੜ ਆਦਿ ਅਨੇਕਾਂ ਪਿੰਡਾਂ ਦੇ ਲੋਕਾਂ ਅਤੇ ਖਾਸਕਰ ਛੋਟੇ ਛੋਟੇ ਬੱਚਿਆਂ ਦੀ ਰਾਤਾਂ ਦੀ ਨੀਂਦ ਉਡਾਏ ਜਾਣ ਅਤੇ ਪੇਂਡੂ ਜ਼ਿੰਦਗੀ ਨੂੰ ਨਰਕ ਬਣਾਏ ਜਾਣ ਕਾਰਨ ਲੋਕਾਂ ਦੇ ਮਨਾਂ ਅੰਦਰ ਭਾਰੀ ਰੋਹ ਹੈ। ਸਬੰਧਤ ਅਧਿਕਾਰੀਆਂ ਦੇ ਪਿਛਲੇ ਵੀਹ ਦਿਨਾਂ ਤੋਂ ਸੁੱਸਰੀ ਦਾ ਖਾਤਮਾ ਕਰਨ ਲਈ ਕੀਤੇ ਵਾਆਦੇ, ਵਕਤ ਲੰਘਾਉਣ ਅਤੇ ਲਾਰਿਆਂ ਵਿੱਚ ਤਬਦੀਲ ਹੋਣ ਕਾਰਨ ਪਿੰਡ ਬਨਭੌਰੀ ਦੇ ਅੱਕੇ ਅਤੇ ਰੋਹ ਵਿੱਚ ਆਏ ਲੋਕਾਂ ਸਮੇਤ ਔਰਤਾਂ ਨੇ ਗੁਦਾਮ ਵਿੱਚ ਕੀਤੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਅਧਿਕਾਰੀਆਂ ਵਲੋਂ ਧਾਰਨ ਕੀਤੇ ਟਾਲਮਟੋਲ ਦੇ ਰਵੱਈਏ ਵਿਰੁੱਧ ਜਬਰਦਸਤ ਨਾਆਰੇਬਾਜ਼ੀ ਕੀਤੀ। ਸਬੰਧਤ ਅਧਿਕਾਰੀ ਇਸ ਸਬੰਧੀ ਕੋਈ ਵੀ ਤਸੱਲੀਬਖਸ਼ ਉੱਤਰ ਨਹੀਂ ਦੇ ਸਕਿਆ ਪਰ ਅਧਿਕਾਰੀ ਨੇ ਚਾਰ ਦਿਨਾਂ ਵਿੱਚ ਸੁਸਰੀ ਦਾ ਖਾਤਮਾ ਕਰਨ ਦਾ ਭਰੋਸਾ ਦਿੱਤਾ।