ਪੱਤਰ ਪ੍ਰੇਰਕ
ਦੇਵੀਗੜ੍ਹ, 17 ਅਪਰੈਲ
ਕਸਬਾ ਦੇਵੀਗੜ੍ਹ ਦੇ ਬਿਲਕੁਲ ਵਿਚਕਾਰੋਂ ਲੰਘਦਾ ਰਜਵਾਹਾ ਅੱਜ ਕੱਲ੍ਹ ਕੁਝ ਦੁਕਾਨਦਾਰਾਂ ਦੇ ਗੰਦ ਸੁੱਟਣ ਦਾ ਡੰਪ ਬਣ ਗਿਆ ਹੈ। ਰਜਵਾਹੇ ਦੇ ਪੁਲ ਦੇ ਆਸ ਪਾਸ ਦੇ ਦੁਕਾਨਦਾਰ ਪੁਲ ਦੇ ਦੋਵੀਂ ਪਾਸੀਂ ਦੁਕਾਨਾਂ ਦਾ ਭਾਰੀ ਮਾਤਰਾ ’ਚ ਗੰਦ ਇਸ ਰਜਵਾਹੇ ਵਿੱਚ ਸੁੱਟ ਰਹੇ ਹਨ। ਇਸ ਤੋਂ ਇਲਾਵਾ ਰਜਵਾਹੇ ਦੇ ਪੁਲ ਦੇ ਦੋਵੀਂ ਪਾਸੀਂਂ ਬਹੁਤ ਸਾਰੀਆਂ ਮੁਰਗਾ, ਮੱਛੀ, ਬੱਕਰਾ ਤੇ ਸੂਰ ਦੇ ਮੀਟ ਦੀਆਂ ਦੁਕਾਨਾਂ ਹਨ ਤੇ ਇਹ ਦੁਕਾਨਦਾਰ ਮੁਰਗੇ, ਬੱਕਰੇ, ਮੱਛੀ ਤੇ ਸੂਰ ਦੀ ਕੱਟ ਵੱਢ ਇਸ ਰਜਵਾਹੇ ਵਿੱਚ ਸੁਟਦੇ ਹਨ। ਜਿਸ ਕਾਰਨ ਪੁਲ ਦੇ ਆਲੇ ਦੁਆਲੇ ਭਾਰੀ ਗੰਦਗੀ ਫੈਲੀ ਹੋਈ ਹੈ। ਆਸ ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਦਾ ਇਥੋਂ ਦੀ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤਂ ਇਲਾਵਾ ਪੰਛੀ ਮਾਸ ਦੇ ਟੁਕੜਿਆਂ ਨੂੰ ਚੁੱਕ ਕੇ ਘਰਾਂ ਉਪਰ ਖਾਣ ਲਈ ਲੈ ਜਾਂਦੇ ਹਨ ਅਤੇ ਕਈ ਟੁਕੜੇ ਘਰਾਂ ਵਿੱਚ ਡਿੱਗ ਪੈਂਦੇ ਹਨ ਜੋ ਘਰਾਂ ਵਿੱਚ ਗੰਦਗੀ ਫੈਲਾਉਂਦੇ ਹਨ।
ਇਸ ਗੰਦਗੀ ਨੂੰ ਠੱਲ੍ਹ ਪਾਉਣ ਲਈ ਅੱਜ ਕਸਬਾ ਦੇਵੀਗੜ੍ਹ ਦੇ ਮੋਹਤਬਰ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਥਾਣਾ ਜੁਲਕਾਂ ਦੀ ਪੁਲੀਸ ਤੋਂ ਮੰਗ ਕੀਤੀ ਹੈ ਕਿ ਉਹ ਕਸਬਾ ਦੇਵੀਗੜ੍ਹ ਵਿਚਲੇ ਮੀਟ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਹੋਰ ਦੁਕਾਨਦਾਰਾਂ ਨੂੰ ਰਜਵਾਹੇ ਵਿੱਚ ਗੰਦਗੀ ਸੁਟਣ ਤੋਂ ਰੋਕਣ ਤਾਂ ਕਿ ਇਸ ਗੰਦਗੀ ਤੋਂ ਬਿਮਾਰੀਆਂ ਨਾ ਫੈਲ ਸਕਣ। ਇਲ੍ਹਾਂ ਆਗੂਆਂ ਨੇ ਕਿਹਾ ਕਿ ਜੇ ਮਹਿਕਮੇ ਦੇ ਅਧਿਕਾਰੀਆਂ ਨੇ ਗੰਦਗੀ ਸੁੱਟਣ ਤੋਂ ਦੁਕਾਨਦਾਰਾਂ ਨੂੰ ਨਾ ਰੋਕਿਆ ਤਾਂ ਕਸਬਾ ਵਾਸੀ ਅਧਿਕਾਰੀਆਂ ਖ਼ਿਲਾਫ਼ ਕਦਮ ਚੁੱਕਣਗੇ।