ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਇਥੇ ਸਰਹਿੰਦ ਰੋਡ ’ਤੇ ਸਥਿਤ ਬਰਨਾਲ਼ਾ ਪੈਂਟ ਹਾਊਸ ’ਚ ਵੀਹ ਅਪਰੈਲ ਨੂੰ ਦਿਨ ਦਿਹਾੜੇ ਡਾਕਾ ਮਾਰਨ ਵਾਲ਼ੇ ਪੰਜ ਮੈਂਬਰੀ ਗਰੋਹ ਦੇ ਇੱਕ ਮੈਂਬਰ ਨੂੰ ਤਾਂ ਭਾਵੇਂ ਕਿ ਅਗਲੇ ਦਿਨ ਹੀ ਪਿਸਤੌਲ ਸਮੇਤ ਦਬੋਚ ਲਿਆ ਸੀ ਪਰ ਤਿੰਨ ਮੁਲਜ਼ਮ ਹੋਰ ਅੱਜ ਗ੍ਰਿਫਤਾਰ ਕਰ ਲਏ ਗਏ। ਜਿਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਡੀਐੱਸਪੀ ਸਿਟੀ 2 ਸੌਰਵ ਜਿੰਦਲ ਅਤੇ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਨੀ, ਅਸ਼ਵਨੀ ਕੁਮਾਰ ਅਤੇ ਰੌਸ਼ਨ ਮੰਡਲ ਸ਼ਾਮਲ ਹਨ। ਜਦਕਿ ਵਿਕਰਮ ਪਾਸਵਾਨ ਨਾਮ ਦਾ ਮੁਲਜ਼ਮ ਘਟਨਾ ਤੋਂ 12 ਘੰਟਿਆਂ ਬਾਅਦ ਹੀ ਦਬੋਚ ਲਿਆ ਗਿਆ ਸੀ। ਇਨ੍ਹਾਂ ਮੁਲਜ਼ਮਾਂ ਨੂੰ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠਲੀ ਟੀਮ ਨੇ ਕਾਬੂ ਕੀਤਾ ਪਰ ਇੱਕ ਹੋਰ ਮੁਲਜ਼ਮ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।