ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਜੁਲਾਈ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕੀਤਾ। ਐੱਸਡੀਐੱਮ ਦਫ਼ਤਰ ਵਿੱਚ ਮੰਗ ਪੱਤਰ ਹਾਸਲ ਨਾ ਕਰਨ ਤੋਂ ਨਾਰਾਜ਼ ਆਂਗਨਵਾੜੀ ਵਰਕਰਾਂ ਨੇ ਸਬ ਡਿਵੀਜ਼ਨ ਕੰਪਲੈਕਸ ਦਾ ਮੁੱਖ ਗੇਟ ਬੰਦ ਕਰਕੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਸਰਵਿਸ ਰੋਡ ਉੱਤੇ ਪ੍ਰਦਰਸ਼ਨ ਕੀਤਾ ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ। ਕੰਪਲੈਕਸ ਦਾ ਗੇਟ ਬੰਦ ਹੋਣ ਦਾ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਪਾਤੜਾਂ ਰਾਜਵਰਿੰਦਰ ਸਿੰਘ ਧਨੋਆ ਵੱਲੋਂ ਮੌਕੇ ਉੱਤੇ ਪਹੁੰਚ ਕੇ ਮੰਗ ਪੱਤਰ ਹਾਸਲ ਕੀਤਾ। ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਬਲਾਕ ਪ੍ਰਧਾਨ ਸੁਦੇਸ਼ ਕੁਮਾਰੀ ਅਤੇ ਖਜ਼ਾਨਚੀ ਲਖਬੀਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਆਂਗਵਾੜੀ ਵਰਕਰਾਂ ਦੀਆਂ ਕਰੋਨਾ ਮਹਾਮਾਰੀ ਦੌਰਾਨ ਡਿਊਟੀਆਂ ਲਾਈਆਂ ਗਈਆਂ, ਜਿਸ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਨਿਭਾਇਆ ਪਰ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ 50 ਲੱਖ ਦਾ ਬੀਮਾ ਅਤੇ ਹੋਰ ਭੱਤੇ ਦੇ ਰਹੀ ਸਰਕਾਰ ਨੇ ਨਾ ਤਾਂ ਆਂਗਣਵਾੜੀ ਵਰਕਰਾਂ ਨੇ ਬੀਮੇ ਦਾ ਲਾਭ ਦਿੱਤਾ ਗਿਆ ਹੈ ਅਤੇ ਨਾ ਹੀ ਭੱਤੇ ਦਿੱਤੇ ਗਏ ਹਨ।