
ਸਮਾਣਾ ਦੇ ਸਿਵਲ ਹਸਪਤਾਲ ਦੀ ਝਲਕ।
ਸੁਭਾਸ਼ ਚੰਦਰ
ਸਮਾਣਾ, 7 ਫਰਵਰੀ
ਪੰਜਾਬ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਕੀਤੇ ਵਾਅਦੇ ਉਸ ਸਮੇਂ ਖੋਖਲੇ ਸਾਬਤ ਨਜ਼ਰ ਆਏ, ਜਦੋਂ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੀ ਬਜਾਏ ਬਾਜ਼ਾਰ ਤੋਂ ਖਰੀਦਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਸਿਵਲ ਹਸਪਤਾਲ ਵਿੱਚ ਵੱਖ-ਵੱਖ ਪਿੰਡਾਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ਮੱਖਣ ਸਿੰਘ, ਜਸਵੰਤ ਸਿੰਘ, ਸਤਪਾਲ ਅਤੇ ਮਧੂ ਨੇ ਦੱਸਿਆ ਕਿ ਉਸ ਦੀ ਭਰਜਾਈ ਦੀ ਡਿਲਵਰੀ ਹੋਣੀ ਹੈ, ਪਰ ਡਾਕਟਰ ਨੇ ਉਸ ਕੋਲੋਂ ਸਾਮਾਨ ਬਜ਼ਾਰ ’ਚੋਂ ਮੰਗਵਾਇਆ ਹੈ। ਇਸ ਤਰ੍ਹਾਂ ਸਤਪਾਲ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ਦੇ ਚੱਕਰ ਲੱਗਾ ਰਿਹਾ ਹੈ, ਪਰ ਦਵਾਈਆਂ ਨਾ ਹੋਣ ਕਾਰਨ ਉਸ ਦੀ ਡਾਇਲਸਿਸ ਨਹੀਂ ਹੋ ਰਹੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਦੋ ਦਿਨਾਂ ਬਾਅਦ ਡਾਇਲਸਿਸ ਹਸਪਤਾਲ ਵਿੱਚੋਂ ਮੁਫਤ ਹੋ ਜਾਦੀ ਹੈ ਪਰ ਬਜ਼ਾਰ ਵਿੱਚੋਂ 2200 ਰੁਪਏ ਖਰਚ ਆਉਂਦਾ ਹੈ।
ਇਸ ਸਬੰਧੀ ਡਾ. ਜਤਿਨ ਡਾਹਰਾ ਨੇ ਡਾਇਲਸਿਸ ਕਰਨ ਲਈ ਦਵਾਈਆਂ ਨਾ ਹੋਣ ਦੀ ਪੁਸ਼ਟੀ ਕਰਦਿਆਂ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇਣ ਸਬੰਧੀ ਕਿਹਾ ਹੈ।
ਇਸ ਸਬੰਧੀ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਰਿਸ਼ਮਾਂ ਭੌਰਾ ਨੇ ਦਵਾਈਆਂ ਦੀ ਘਾਟ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਜਰ ਚਾਰਜ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮਾਂ ਅਨੁਸਾਰ ਉਹ ਹੁਣ ਬਾਜ਼ਾਰ ਵਿੱਚੋਂ ਐਮਰਜੈਂਸੀ ਤੌਰ ’ਤੇ ਕੋਈ ਵੀ ਦਵਾਈ ਨਹੀਂ ਖਰੀਦ ਸਕਦੇ, ਪਰ ਅਗਾਮੀ ਦਿਨਾਂ ਵਿੱਚ ਉੱਚ ਅਫ਼ਸਰਾਂ ਵੱਲੋਂ ਦਿੱਤੇ ਵਿਸਵਾਸ਼ ਕਾਰਨ ਇਸ ਕਮੀ ਵਿੱਚ ਸੁਧਾਰ ਹੋਵੇਗਾ।
ਲਹਿਰਾਗਾਗਾ ਦੇ ਕਮਿਊਨਟੀ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਘਾਟ
ਲਹਿਰਾਗਾਗਾ (ਪੱਤਰ ਪ੍ਰੇਰਕ): ਲਹਿਰਾਗਾਗਾ ਵਿੱਚ ਮੌਜੂਦ ਸਰਕਾਰੀ ਹਸਪਤਾਲ (ਕਮਿਊਨਟੀ ਸਿਹਤ ਕੇਂਦਰ) ਵਿੱਚ ਸਿਹਤ ਸੁਵਿਧਾਵਾਂ ਦਾ ਹਾਲ ਬਦ ਤੋਂ ਬਦਤਰ ਹੈ। ਸਿਹਤ ਵਿਭਾਗ ਨੇ ਸਬ ਡਿਵੀਜ਼ਨਲ ਸਿਵਲ ਹਸਪਤਾਲ ਨੂੰ ਘਟਾ ਕੇ ਕਮਿਊਨਟੀ ਸਿਹਤ ਕੇਂਦਰ ਦਾ ਦਰਜਾ ਦੇ ਕੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ। ਸੋਸ਼ਲ ਵੈਲਫੇਅਰ ਕਲੱਬ ਨੇ ਕਿਹਾ ਕਿ ਇੱਥੇ ਨਾ ਹੀ ਕੋਈ ਸਪੈਸ਼ਲਿਸਟ ਡਾਕਟਰ ਹੈ ਤੇ ਨਾ ਹੀ ਕੋਈ ਲੋੜੀਂਦਾ ਸਟਾਫ ਹੈ। ਜਿਸ ਕਾਰਨ ਲਹਿਰਾਗਾਗਾ ਕਸਬੇ ਤੇ ਨਾਲ ਲਗਦੇ ਲਗਪੱਗ 45 ਪਿੰਡਾਂ ਨੂੰ ਛੋਟੇ ਤੋਂ ਛੋਟੇ ਇਲਾਜ ਲਈ ਵੀ ਦੂਰ-ਦੁਰਾਡੇ ਸ਼ਹਿਰਾਂ ਵੱਲ ਭੱਜਣਾ ਪੈਂਦਾ ਹੈ। ਕਲੱਬ ਮੈਂਬਰਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਡਾਕਟਰ ਦੀ ਨਿਯੁਕਤੀ ਕੀਤੀ ਜਾਵੇ। ਉਧਰ ਸਿਵਲ ਸਰਜਨ ਨੇ ਲੋਕਾਂ ਦੀ ਮੰਗ ਨੂੰ ਦੇੇਖਦੇ ਹੋਏ ਇੱਕ ਐੱਮਡੀ ਮੈਡੀਸਨ ਹਫਤੇ ’ਚ ਦੋ ਦਿਨ ਅਤੇ ਐੱਮਐੱਸ ਹੱਡੀਆਂ ਦੇ ਡਾਕਟਰ ਨੂੰ ਡੈਪੂਟੇਸ਼ਨ ’ਤੇ ਇੱਕ ਦਿਨ ਲਈ ਲਾਇਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ