ਪੱਤਰ ਪ੍ਰੇਰਕ
ਪਟਿਆਲਾ, 30 ਮਈ
ਇੱਥੋਂ ਦੇ ਨਮਨ ਸਿੰਗਲਾ ਨੇ ਯੂਪੀਐੱਸਈ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ 47ਵਾਂ ਰੈਂਕ ਹਾਸਲ ਕਰਕੇ ਆਈਐੱਫਐੱਸ ਬਣਨ ਦਾ ਮਾਣ ਹਾਸਲ ਕੀਤਾ ਹੈ। ਮਹਿਜ਼ 23 ਸਾਲ ਦੀ ਉਮਰ ਵਿੱਚ ਨਮਨ ਨੇ ਘਰ ਵਿੱਚ ਹੀ ਤਿਆਰੀ ਕਰਕੇ ਇਹ ਇਮਤਿਹਾਨ ਪਾਸ ਕੀਤਾ ਹੈ। ਨਮਨ ਨੇ ਕਿਹਾ ਕਿ ਉਹ ਆਈਏਐੱਸ ਬਣਨਾ ਵੀ ਚੁਣ ਸਕਦਾ ਸੀ ਪਰ ਉਸ ਦਾ ਰੁਝਾਨ ਵਿਦੇਸ਼ ਸਬੰਧਾਂ ਵੱਲ ਵਧੇਰੇ ਹੋਣ ਕਰਕੇ ਉਸ ਨੇ ਆਈਐੱਫਐੱਸ ਨੂੰ ਚੁਣਿਆ। ਪਟਿਆਲਾ ਦੀ ਪ੍ਰੋਫੈਸਰ ਕਲੋਨੀ ਦੇ ਵਸਨੀਕ ਨਮਨ ਸਿੰਗਲਾ ਨੇ ਦੱਸਿਆ ਕਿ ਉਸ ਨੇ 12ਵੀਂ ਤੱਕ ਦੀ ਪੜ੍ਹਾਈ ਪਟਿਆਲਾ ਦੇ ਯਾਦਵਿੰਦਰ ਪਬਲਿਕ ਸਕੂਲ ਤੋਂ ਕੀਤੀ ਅਤੇ ਗਰੈਜੂਏਸ਼ਨ ਸੈਂਟ ਸਟੀਫਨ ਕਾਲਜ ਦਿੱਲੀ ਤੋਂ ਕੀਤੀ। ਨਮਨ ਦੇ ਪਿਤਾ ਨੀਰਜ ਕੁਮਾਰ ਸਿੰਗਲਾ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਦੇ ਰੈਵੇਨਿਊ ਬਰਾਂਚ ਵਿੱਚ ਸਟੇਟ ਐਡੀਟਰ ਹਨ ਤੇ ਮਾਂ ਮੋਨਿਕਾ ਸਿੰਗਲਾ ਪੰਜਾਬ ਨੈਸ਼ਨਲ ਬੈਂਕ ਵਿੱਚ ਸੀਨੀਅਰ ਮੈਨੇਜਰ ਹਨ। ਨਮਨ ਦੀ ਭੈਣ ਵੀ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ।