ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਪਰੈਲ
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਕਨਵੀਨਰ ਕੁੰਦਨ ਗੋਗੀਆ ਨੇ ਮੁਲਾਕਾਤ ਕੀਤੀ। ਸ੍ਰੀ ਗੋਗੀਆ ਨੇ ਪਟਿਆਲਾ ਜੇਲ੍ਹ ਵਿਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰੇ ਸਬੰਧੀ ਜਾਣਕਾਰੀ ਹਾਸਲ ਕੀਤੀ, ਜਿਸ ਸਬੰਧੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਟਿਆਲਾ ਜੇਲ੍ਹ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਖ਼ਤਰਾ ਨਹੀਂ ਹੈ।
ਇੱਥੋਂ ਕੁੰਦਨ ਗੋਗੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਭ ਪਤਾ ਹੈ ਕਿ ਪਟਿਆਲਾ ਜੇਲ੍ਹ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬੰਦ ਹੈ ਜਿਸ ਦੀ ਸੁਰੱਖਿਆ ਕਰਨਾ ਜੇਲ੍ਹ ਪ੍ਰਸ਼ਾਸਨ ਦਾ ਜ਼ਿੰਮਾ ਹੈ। ਪਰ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਉਸ ਨੂੰ ਜੇਲ੍ਹ ਵਿਚ ਖ਼ਤਰਾ ਹੈ। ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਮਿਲਣ ਵੇਲੇ ਬਲਾਕ ਪ੍ਰਧਾਨ ਰਾਜਬੀਰ ਸਿੰਘ ਚਹਿਲ, ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ ਅਤੇ ਸੁਸ਼ੀਲ ਮਿੱਡਾ ਵੀ ਮੌਜੂਦ ਸਨ। ਇਸ ਦੌਰਾਨ ਜੇਲ੍ਹ ਮੰਤਰੀ ਨੇ ਸ੍ਰੀ ਗੋਗੀਆ ਨਾਲ ਪਟਿਆਲਾ ਸ਼ਹਿਰੀ ਦੇ ਰਾਜਨੀਤਿਕ ਮਾਹੌਲ ’ਤੇ ਚਰਚਾ ਕੀਤੀ ਅਤੇ ਇੱਥੋਂ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬੈਂਸ ਨੇ ਕਿਹਾ ਕਿ ਪਾਰਟੀ ਨੂੰ ਸਭ ਕੁਝ ਪਤਾ ਹੈ ਕਿ ਕਿਸ ਵਲੰਟੀਅਰ ਅਤੇ ਆਗੂ ਨੇ ਪਾਰਟੀ ਲਈ ਕੀ-ਕੀ ਕੰਮ ਕੀਤਾ ਹੈ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਹਰ ਇਕ ਵਾਲੰਟੀਅਰ ਨੂੰ ਬਣਦਾ ਮਾਣ ਸਤਿਕਾਰ ਦੇਣਾ ਪਾਰਟੀ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਵਾਲੰਟੀਅਰ ਨੂੰ ਮਾਯੂਸ ਨਹੀਂ ਹੋਣ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਵਾਮ ਦੀਆਂ ਸਾਰੀਆਂ ਆਸਾ ਉਮੀਦਾਂ ਤੇ ਖਰਾ ਉੱਤਰਾਂਗੇ। ਜੇਲ੍ਹ ਮੰਤਰੀ ਨੇ ਕਿਹਾ ਕਿ ਕੋਈ ਵੀ ਪਾਰਟੀ ਵਾਲੰਟੀਅਰ ਨਿਰਾਸ ਨਾ ਹੋਵੇ, ਪਾਰਟੀ ਕੋਲ ਹਰ ਵਾਲੰਟੀਅਰ ਅਤੇ ਆਗੂ ਦੀ ਜਾਣਕਾਰੀ ਹੈ ਅਤੇ ਜਿਸ ਵੀ ਵਾਲੰਟੀਅਰ ਨੇ ਦਿਲੋਂ ਕੰਮ ਕੀਤਾ ਹੈ, ਉਸ ਨੂੰ ਬਣਦਾ ਮਾਣ ਸਤਿਕਾਰ ਹਰ ਹਾਲਤ ਵਿਚ ਦਿੱਤਾ ਜਾਏਗਾ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕੈਬਨਿਟ ਮੰਤਰੀ ਬੈਂਸ ’ਤੇ ਜੇਲ੍ਹ ਮੈਨੂਅਲ ਦੀ ਉਲੰਘਣਾ ਦੇ ਦੋਸ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 25 ਮਾਰਚ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਕੀਤੇ ਗਏ ਦੌਰੇ ਸਮੇਂ ਜੇਲ੍ਹ ਮੈਨੂਅਲ ਦੀ ਉਲੰਘਣਾ ਕਰਨ ਦੀ ਜਾਂਚ ਕੀਤੀ ਜਾਵੇ। ਇਥੇ ਜਾਰੀ ਇਕ ਬਿਆਨ ਵਿਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਦੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਦੇ ਨਾਲ ਦੋ ਸਹਾਇਕ ਸਬ ਇੰਸਪੈਕਟਰ ਆਪਣੇ ਹਥਿਆਰ ਲੈ ਕੇ ਜੇਲ੍ਹ ਮੰਤਰੀ ਦੇ ਨਾਲ ਜੇਲ੍ਹ ਦੇ ਅੰਦਰ ਘੁੰਮਦੇ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਜੇਲ੍ਹ ਮੈਨੂਅਲ ਦੇ ਮੁਤਾਬਕ ਜੇਲ੍ਹ ਦੇ ਅੰਦਰ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਜਾ ਸਕਦਾ ਭਾਵੇਂ ਉਹ ਕਿੰਨਾ ਵੀ ਵੱਡਾ ਅਧਿਕਾਰੀ ਕਿਉਂ ਨਾ ਹੋਵੇ ਜਾਂ ਸੰਵਿਧਾਨਕ ਅਹੁਦੇ ‘ਤੇ ਕਿਉਂ ਨਾ ਬੈਠਾ ਹੋਵੇ । ਉਹਨਾਂ ਮੰਗ ਕੀਤੀ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਵੇਲੇ ਜਦੋਂ ਜੇਲ੍ਹ ਮੈਨੂਅਲ ਦੀ ਉਲੰਘਣਾ ਹੋਈ ਤਾਂ ਉਸ ਵੇਲੇ ਮੌਜੂਦ ਅਧਿਕਾਰੀਆਂ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ।