ਰਵੇਲ ਸਿੰਘ ਭਿੰਡਰ
ਪਟਿਆਲਾ, 17 ਜਨਵਰੀ
ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨਾਲ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਬੁੱਧੀਜੀਵੀਆਂ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ। ਅੱਜ ਪਟਿਆਲਾ ਵਿਖੇ ਵਿਸ਼ਵ ਬੁਧੀਜੀਵੀ ਫੋਰਮ ਨੇ ਪੱਗੜੀ ਸੰਭਾਲ ਜੱਟਾ ਦੇ ਬੈਨਰ ਹੇਠ ਕਾਰ ਰੈਲੀ ਕੱਢੀ, ਜਿਸ ਵਿੱਚ ਪੰਜਾਬ ਵਾਸੀਆਂ ਨੂੰ ਦਿੱਲੀ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਵਿਸ਼ਵ ਬੁੱਧੀਜੀਵੀ ਦੇ ਪ੍ਰਧਾਨ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਕਰਵਾਈ ਰੈਲੀ ਵਿਚ ਵੱਡੇ ਪੱਧਰ ਉੱਪਰ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਹਿੱਸਾ ਲਿਆ। ਰੈਲੀ ਦੀ ਸ਼ੁਰੂਆਤ ਵਿਸ਼ਵ ਬੁੱਧੀਜੀਵੀ ਫੋਰਮ ਦੇ ਸਰਪ੍ਰਸਤ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਵੱਲੋਂ ਟਰੈਕਟਰ ਉਪਰ ਬੈਠ ਕੇ ਅਗਵਾਈ ਕਰਦਿਆਂ ਕੀਤੀ ਗਈ। ਇਸ ਮੌਕੇ ਉਨ੍ਹਾਂ ਜਿਥੇ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਨਕਾਰਿਆ ਉੱਥੇ ਗੁਰੂ ਨਾਨਕ ਦੇਵ ਦੁਆਰਾ ਪ੍ਰਚੱਲਿਤ ਸਹਿਕਾਰੀ ਜੈਵਿਕ ਖੇਤੀ ਦੇ ਕਰਤਾਰਪੁਰੀ ਮਾਡਲ ਦੀ ਪ੍ਰੋੜਤਾ ਕੀਤੀ। ਸ੍ਰੀ ਅੰਟਾਲ ਨੇ ਕਿਹਾ ਕਿ ਇਹ ਅੰਦੋਲਨ ਪਦਾਰਥ ਬਾਦ ਵਿਰੁੱਧ ਸਾਂਝਾ ਲੋਕ ਅੰਦੋਲਨ ਹੈ, ਜੋ ਦੁਨੀਆ ਵਿੱਚ ਨਵੇਂ ਇਨਕਲਾਬ ਦੀ ਨੀਂਹ ਰੱਖ ਰਿਹਾ ਹੈ। ਕਾਰ ਰੈਲੀ ਅਰਬਨ ਅਸਟੇਟ ਫੇਸ 2 ਤੋਂ ਸ਼ੁਰੂ ਹੋ ਕੇ ਸਰਹਿੰਦ ਰੋਡ ਮਿੰਨੀ ਸਕੱਤਰੇਤ ਤੋਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਖਤਮ ਹੋਈ, ਜਿੱਥੇ ਸਮੂਹ ਬੁਧੀਜੀਵੀਆਂ ਨੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਅਰਦਾਸ ਕੀਤੀ। ਰੈਲੀ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਇਸ ਰੈਲੀ ਵਿਚ ਸ਼ਮੂਲੀਅਤ ਕਰਦੇ ਹੋਏ ਦਿੱਲੀ ਚੱਲਣ ਦਾ ਹੋਕਾ ਦਿੱਤਾ।