ਪੱਤਰ ਪ੍ਰੇਰਕ
ਪਟਿਆਲਾ, 25 ਜੁਲਾਈ
ਸੂਬਾ ਵਾਸੀਆਂ ਨੂੰ ਰੋਗਾਂ ਤੋਂ ਮੁਕਤੀ ਦਿਵਾਉਣ ਅਤੇ ਖਾਣ-ਪੀਣ ਦੀਆਂ ਵਸਤਾਂ ਨੂੰ ਮਿਲਾਵਟ ਰਹਿਤ ਕਰਵਾਉਣ ਲਈ ਨਿਊ ਪਟਿਆਲਾ ਵੈੱਲਫੇਅਰ ਕਲੱਬ ਨੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਅੱਜ ਮਿਲਾਵਟਖੋਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪ੍ਰਧਾਨ ਕਾਕਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਮਿਲਾਵਟਖੋਰੀ ਨੂੰ ਜੜ੍ਹੋਂ ਖ਼ਤਮ ਕਰਵਾਉਣ ਲਈ ਆਵਾਜ਼ ਨਹੀਂ ਚੁੱਕਾਂਗੇ ਤਾਂ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿੱਚ ਹੀ ਬਰਬਾਦ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਨਾ ਕਿਸੇ ਸਰਕਾਰ ਨੇ ਵਿਧਾਨ ਸਭਾ ਵਿੱਚ ਮਿਲਾਵਟਖੋਰਾਂ ’ਤੇ ਨੱਥ ਪਾਉਣ ਲਈ ਚਰਚਾ ’ਤੇ ਬਹਿਸ ਕਰਵਾਈ ਹੈ ਤੇ ਨਾ ਹੀ ਕਦੇ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਅਤੇ ਵੱਡੇ ਜੁਰਮਾਨਿਆਂ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਿਰਫ਼ ਰਾਜਨੀਤੀ ਹੀ ਕੀਤੀ ਹੈ।
ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਿਹਤ ਵਿਭਾਗ ਕਥਿਤ ਸਿਆਸੀ ‘ਦਖ਼ਲਅੰਦਾਜ਼ੀ’ ਕਾਰਨ ਬੇਵੱਸ ਹੀ ਰਿਹਾ ਹੈ ਅਤੇ ਖਾਨਾਪੂਰਤੀ ਲਈ ਸੈਂਪਲ ਤਾਂ ਭਰੇ ਜਾਂਦੇ ਹਨ ਪਰ ਬਾਅਦ ਵਿੱਚ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਿਲਾਵਟਖੋਰਾਂ ਨੂੰ ਨੱਥ ਨਹੀਂ ਪਾਈ ਜਾਵੇਗੀ, ਉਦੋਂ ਤੱਕ ਸਮਾਜ ਸਿਹਤਮੰਦ ਨਹੀਂ ਹੋ ਸਕਦਾ।
ਇਸ ਮੌਕੇ ਗੁਰਜੀਤ ਸਿੰਘ, ਸੁਖਦੇਵ ਸਿੰਘ, ਪ੍ਰਦੀਪ ਕੁਮਾਰ, ਜਗਜੀਤ ਸਿੰਘ, ਪਰਮਜੀਤ ਕੁਮਾਰ ਹਾਜ਼ਰ ਸਨ।