ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
‘ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ’ ਤੇ ‘ਸ੍ਰੀ ਹਿੰਦੂ ਤਖਤ’ ਵੱਲੋਂ ਅੱਜ ਇਥੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਪਿਛਲੇ ਦਿਨੀਂ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਮੰਦਰਾਂ ਤੇ ਹੋਰ ਧਾਰਮਿਕ ਅਸਥਾਨਾਂ ਦੀ ਰੱਖਿਆ ਖੁਦ ਕਰਨ ਬਾਰੇ ਵਿਚਾਰ ਕੀਤਾ ਗਿਆ। ਨਾਲ ਹੀ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੂੰ ਕਿਸੇ ਵੀ ਵਿਵਾਦ ਸਬੰਧੀ ਪਹਿਲਕਦਮੀ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਆ। ਟਕਰਾਓ ਦੀ ਘਟਨਾ ਮੌਕੇ ਨਿਹੰਗਾਂ ਨਾਲ਼ ਲੜਨ ਵਾਲ਼ੇ ਹਿੰਦੂ ਕਾਰਕੁਨਾਂ ਦੇ ਸਨਮਾਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਜੇਲ੍ਹੀਂ ਡੱਕੇ ਹਰੀਸ਼ ਸਿੰਗਲਾ ਸਮੇਤ ਸਮੂਹ ਹਿੰਦੂ ਕਾਰਕੁਨਾਂ ਦੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਕਰਨ ਦਾ ਫੈਸਲਾ ਵੀ ਲਿਆ ਗਿਆ। ਹਿੰਦੂ ਨੇਤਾ ਰਾਜੇਸ਼ ਕੇਹਰ ਵੱਲੋਂ ਕੀਤੇ ਗਏ ਪ੍ਰ੍ਰਬੰਧਾਂ ਤਹਿਤ ਹੋਈ ਇਸ ਮੀਟਿੰਗ ’ਚ ਜਗਤਗੁਰੂ ਪਰਚਾਨੰਦ ਗਿਰੀ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇੇੇ ਕੌਮੀ ਪ੍ਰਧਾਨ ਮਹੰਤ ਸੰਜੀਵ ਕੁਮਾਰ ਭਾਰਦਵਾਜ, ਜਨਰਲ ਸਕੱਤਰ ਆਸ਼ੂਤੋਸ਼ ਗੌਤਮ ਆਦਿ ਵੀ ਹਾਜ਼ਰ ਸਨ। ਇਸ ਮੌਕੇ ’ਤੇ 29 ਅਪਰੈਲ ਨੂੰ ਮੰਦਰ ’ਤੇ ਪਥਰਾਅ ਤੇ ਦੁਕਾਨਾਂ ਦੀ ਭੰਨਤੋੜ ਕਰਨ ਤੇ ਕਿਰਪਾਨਾਂ ਲਹਿਰਾਉਣ ਵਾਲ਼ਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।