ਰਵੇਲ ਸਿੰਘ ਭਿੰਡਰ
ਪਟਿਆਲਾ, 14 ਜੁਲਾਈ
ਰੁਜ਼ਗਾਰ ਲਈ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਪਟਿਆਲਾ ਪੁਲੀਸ ਨੇ ਹਲਕਾ ਲਾਠੀਚਾਰਜ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਖਿੱਚ-ਧੂਹ ਕੀਤੀ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਅਣਸੁਣਿਆ ਕਰ ਰਹੀ ਹੈ। ਇਸ ਲਈ ਉਹ ਅੱਜ ਲੀਲਾ ਭਵਨ ’ਚੋਂ ਰੋਸ ਮਾਰਚ ਕਰਦੇ ਜਿਉਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਪਿੱਛੇ ਬੈਰੀਕੇਡ ਕੋਲ ਅੱਪੜੇ ਤਾਂ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਵੱਲੋਂ ਬੇਰੁਜ਼ਗਾਰਾਂ ’ਤੇ ਹਲਕਾ ਲਾਠੀਚਾਰਜ ਕਰ ਦਿੱਤਾ ਤੇ ਉਨ੍ਹਾਂ ਨੂੰ ਧੂਹ ਲਿਆ। ਇਸ ਦੌਰਾਨ ਸੰਘਰਸ਼ੀ ਕਾਰਕੁਨਾਂ ਨੇ ਬੈਰੀਕੇਡਿੰਗ ਤੋੜਕੇ ਅੱਗੇ ਪੈਲੇਸ ਵੱਲ ਰੁਖ਼ ਕਰ ਦਿੱਤਾ ਪਰ ਪੁਲੀਸ ਨੇ ਅਗਲੇ ਬੈਰੀਕੇਡ ’ਤੇ ਉਨ੍ਹਾਂ ਨੂੰ ਰੋਕ ਲਿਆ ਤੇ ਬੇਰੁਜ਼ਗਾਰ ਉਥੇ ਧਰਨਾ ਦੇ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀਆਂ ਦੁਆਲੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਹੈ। ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਦਾ ਅੱਜ ਟਾਵਰ ਸੰਘਰਸ਼ 116ਵੇਂ ਦਿਨ ਵੀ ਜਾਰੀ ਹੈ। ਭਾਵੇਂ ਟਾਵਰ ਸੰਘਰਸ਼ੀ ਦੀ ਸਿਹਤ ਨਾਸ਼ਾਜ਼ ਹੈ ਪਰ ਉਸ ਦਾ ਕਹਿਣਾ ਹੈ ਕਿ ਰੁਜ਼ਗਾਰ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਮੋਤੀ ਮਹਿਲ ਦੇ ਘਿਰਾਓ ਲਈ ਜਾਣ ਤੋਂ ਪਹਿਲਾਂ ਪੰਜਾਬ ਭਰ ’ਚੋਂ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਨੇ ਟਾਵਰ ਸੰਘਰਸ਼ੀ ਦਾ ਹਾਲ ਚਾਲ ਵੀ ਜਾਣਿਆ।