ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਇੱਥੋਂ ਦੇ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਛਾਪਾ ਮਾਰ ਕੇ ਨਗਰ ਨਿਗਮ ਦੀ ਟੀਮ ਨੇ 200 ਕਿਲੋ ਪੌਲੀਥੀਨ ਬੈਗ ਬਰਾਮਦ ਕੀਤੇ ਹਨ। ਇਸ ਤੋਂ ਤੁਰੰਤ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਵੱਲੋਂ ਦਿੱਤੀ ਗਈ ਜਾਣਕਾਰੀ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਤੇ ਜਾਂਚ ’ਚ ਜੁਟ ਗਈ।
ਇਸ ਦੌਰਾਨ ਫੈਕਟਰੀ ਮਾਲਕ ਵੱਲੋਂ ਫੈਕਟਰੀ ਨੂੰ ਸਟੋਰ ਦੱਸ ਕੇ ਬਚਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਅਧਿਕਾਰੀਆਂ ਦਾ ਤਰਕ ਸੀ ਕਿ ਸਿੰਗਲ ਯੂਜ਼ ਪਲਾਸਟਿਕ ਸਟੋਰ ਕਰਨਾ ਵੀ ਅਪਰਾਧ ਹੈ। ਨਗਰ ਨਿਗਮ ਟੀਮ ਵੱਲੋਂ ਹਾਲ ਦੀ ਘੜੀ ਸਿੰਗਲ ਯੂਜ਼ ਪਲਾਸਟਿਕ ਐਕਟ ਤਹਿਤ ਚਲਾਨ ਹੀ ਕੀਤਾ ਗਿਆ ਹੈ, ਪਰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭੇਜੀ ਗਈ ਰਿਪੋਰਟ ਆਓਣ ਮਗਰੋਂ ਵੀ ਜੋ ਲੋੜ ਪਈ ਤਾਂ ਬਣਦੀ ਕਾਰਵਾਈ ਕੀਤੀ ਜਾ ਸਕੇਗੀ।
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਫੋਕਲ ਪੁਆਇੰਟ ਸਥਿਤ ਐੱਮਆਰਐੱਫ ਸੈਂਟਰ ਵਿੱਚ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਅਤੇ ਜਵਾਲਾ ਸਿੰਘ ਆਪਣੀ ਡਿਊਟੀ ਕਰ ਰਹੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਫੋਕਲ ਪੁਆਇੰਟ ਵਿੱਚ ਸਥਿਤ ਪੋਲੀਥੀਨ ਬਣਾਉਣ ਵਾਲੀ ਫੈਕਟਰੀ, ਜੋ ਲੰਮੇ ਸਮੇਂ ਤੋਂ ਬੰਦ ਪਈ ਸੀ, ਵਿੱਚ ਵੱਡੀ ਮਾਤਰਾ ਵਿੱਚ ਪੌਲੀਥੀਨ ਦੇ ਥੈਲੇ ਸਟੋਰ ਕੀਤੇ ਹੋਏ ਹਨ। ਨਗਰ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਹੀ ਟੀਮ ਨੇ ਛਾਪਾ ਮਾਰ ਕੇ ਫੈਕਟਰੀ ’ਚੋਂ ਪੌਲੀਥੀਨ ਜ਼ਬਤ ਕਰ ਲਿਆ। ਕਿਉਂਕਿ ਬਰਾਮਦਗੀ ਫੈਕਟਰੀ ਵਿੱਚੋਂ ਹੋਈ ਹੈ, ਇਸ ਲਈ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਬੋਰਡ ਦੀਆਂ ਦੀਆਂ ਟੀਮਾਂ ਵੱਲੋਂ ਫੈਕਟਰੀ ਵਿੱਚ ਲਗਾਈਆਂ ਮਸ਼ੀਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉੱਥੇ ਵੀਡੀਓਗ੍ਰਾਫੀ ਵੀ ਕੀਤੀ ਗਈ ਅਤੇ ਫੈਕਟਰੀ ਮਾਲਕ ਤੋਂ ਸਵਾਲਾਂ ਦੇ ਜਵਾਬ ਵੀ ਲਏ ਗਏ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਉੱਪਲ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਐਕਟ ਤਹਿਤ ਫੈਕਟਰੀ ਮਾਲਕ ਨੂੰ ਭਾਰੀ ਜੁਰਮਾਨਾ ਵੀ ਭਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਰਫ 100 ਗ੍ਰਾਮ ਪੋਲੀਥੀਨ ਬੈਗ ਕਿਤੋਂ ਬਰਾਮਦ ਹੁੰਦਾ ਹੈ ਤਾਂ ਸਬੰਧਤ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਅਤੇ ਪੰਜ ਕਿਲੋ ਤੋਂ ਵੱਧ ਲਈ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।