ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜੁਲਾਈ
ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਸ਼ ਨਾਲ ਗਰਮੀ ਤੋਂ ਚੰਗੀ ਰਾਹਤ ਮਿਲ ਰਹੀ ਹੈ। ਲੰਘੇ 24 ਘੰਟਿਆਂ ’ਚ ਵੀ ਇਸ ਖੇਤਰ ’ਚ ਭਰਵੀਂ ਬਾਰਸ਼ ਹੋਈ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਸਬੰਧੀ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ। ਝੋਨੇ ਵਾਲ਼ੇ ਖੇਤ ਮੀਂਹ ਦੇ ਪਾਣੀ ਨਾਲ ਭਰ ਜਾਣ ਕਰਕੇ ਪਾਵਰਕੌਮ ਨੇ ਆਪਣੇ ਥਰਮਲ ਪਲਾਂਟਾਂ ਤੋਂ ਬਿਜਲੀ ਦੀ ਪੈਦਾਵਾਰ ਘਟਾ ਦਿੱਤੀ। ਵੇਰਵਿਆਂ ਅਨੁਸਾਰ ਇਨ੍ਹਾਂ ਚੌਵੀ ਘੰਟਿਆਂ ’ਚ ਪਟਿਆਲਾ ’ਚ 77 ਐੱਮ.ਐੱਮ. ਬਾਰਸ਼ ਹੋਈ ਜਿਸ ਨਾਲ ਹਰ ਵਾਰ ਦੀ ਤਰ੍ਹਾਂ ਐਤਕੀ ਵੀ ਇਹ ਸ਼ਾਹੀ ਸ਼ਹਿਰ ਜਲਥਲ ਹੋ ਗਿਆ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਸਮੇਤ ਕਈ ਨੀਵੀਂਆਂ ਸੜਕਾਂ ’ਤੇ ਵੀ ਪਾਣੀ ਭਰਿਆ ਰਿਹਾ ਪਰ ਕੁਝ ਸੜਕਾਂ ’ਤੇ ਤਾਂ ਮੀਂਹ ਦਾ ਇਹ ਪਾਣੀ ਕਿਸੇ ਸੂਏ ਅਤੇ ਕੱਸੀ ਦਾ ਭੁਲੇਖਾ ਵੀ ਪਾ ਰਿਹਾ ਸੀ। ਕੁਝ ਕੁ ਨੀਂਵੇਂ ਘਰਾਂ ’ਚ ਐਤਕੀ ਵੀ ਪਾਣੀ ਵੜ ਗਿਆ।
ਇਸ ਪੁਰਾਣੇ ਸ਼ਹਿਰ ਦੀ ਬਣਤਰ ਢੁਕਵੀਂ ਨਾ ਹੋਣ ਕਰਕੇ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹਮੇਸ਼ਾ ਹੀ ਬਣੀ ਰਹਿੰਦੀ ਹੈ। ਨਗਰ ਨਿਗਮ ਵੱਲੋਂ ਭਾਵੇਂ ਮੇਅਰ ਸੰਜੀਵ ਬਿੱਟੂ ਨੇ ਬਰਸਾਤੀ ਪਾਣੀ ਦੀ ਨਿਕਾਸੀ ’ਤੇ ਚੋਖੇ ਫੰਡ ਖਰਚ ਕਰਵਾਏ ਸਨ। ਇਸ ਦਾ ਭਾਵੇਂ ਲਾਭ ਤਾਂ ਹੋਇਆ, ਪਰ ਇਹ ਇਸ ਸ਼ਹਿਰ ਦੀ ‘ਜਮਾਂਦਰੂ’ ਸਮੱਸਿਆ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਮੁਕੰਮਲ ਰੂਪ ’ਚ ਹੱਲ ਨਹੀਂ ਹੋ ਸਕੀ। ਇੱਥੋਂ ਤੱਕ ਕਿ ਕੁਝ ਸੜਕਾਂ, ਖਾਲੀ ਥਾਵਾਂ, ਕਾਰ ਪਾਰਕਿੰਗਜ਼ ਸਮੇਤ ਕਈ ਹੋਰ ਥਾਵਾਂ ’ਤੇ ਬਰਸਾਤ ਹਟਣ ਤੋਂ ਚੌਵੀ ਘੰਟਿਆਂ ਮਗਰੋਂ ਵੀ ਪਾਣੀ ਖੜ੍ਹਾ ਰਹਿੰਦਾ ਹੈ।
ਸ਼ਹਿਰ ਦੇ ਤ੍ਰਿਪੜੀ ਖੇਤਰ ਸਮੇਤ ਕਈ ਹੋਰ ਖੇਤਰਾਂ ’ਚ ਵੀ ਬਰਸਾਤੀ ਪਾਣੀ ਦੀ ਨਿਕਾਸੀ ਹਮੇਸ਼ਾ ਹੀ ਮੁਸ਼ਕਲ ਦਾ ਕਾਰਨ ਬਣੀ ਰਹਿੰਦੀ ਹੈ। ਠੀਕਰੀਵਾਲਾ ਬੁੱਤ ਤੋਂ ਮੋਤੀ ਬਾਗ ਪੈਲੇਸ ਨੂੰ ਜਾਂਦੀ ਸੜਕ ਸਮੇਤ ਸਾਈਂ ਮਾਰਕੀਟ ਚੌਕ ਤੋਂ ਪੋਲੋ ਗਰਾਊਂਡ ਦੇ ਨਾਲ ਨਾਲ ਉਕਤ ਸੜਕ ਵੱਲ ਨੂੰ ਜਾਂਦੀ ਸੜਕ ਵੀ ਅਜਿਹੀਆਂ ਸੜਕਾਂ ’ਚ ਸ਼ੁਮਾਰ ਹੈ, ਜਿਥੇ ਮੀਂਹ ਮਗਰੋਂ ਵਾਹਨ ਚਾਲਕ ਲੰਘਣ ਤੋਂ ਵੀ ਡਰਦੇ ਹਨ।
ਉਧਰ ਖੇਤੀਬਾੜੀ ਲਈ ਇਹ ਮੀਂਹ ਵਧੇਰੇ ਲਾਭਦਾਇਕ ਹੈ ਕਿਉਂਕਿ ਇਨ੍ਹੀ ਦਿਨੀਂ ਲਾਏ ਜਾ ਰਹੇ ਝੋਨੇ ਲਈ ਵਧੇਰੇ ਪਾਣੀ ਦੀ ਪੈਂਦੀ ਲੋੜ ਦੀ ਇਸ ਮੀਂਹ ਨੇ ਪੂਰਤੀ ਕਰ ਦਿੱਤੀ ਹੈ। ਜਿਹੜੇ ਕਿਸਾਨਾਂ ਨੇ ਅਜੇ ਝੋਨਾ ਨਹੀਂ ਲਾਇਆ, ਉਹ ਤਾਂ ਮੀਂਹ ਪੈਂਦੇ ’ਚ ਵੀ ਕੱਸੀ ਲੈ ਕੇ ਵੱਟਾਂ ’ਤੇ ਘੁੰਮਦੇ ਰਹੇ, ਤਾਂ ਜੋ ਮੀਂਹ ਦੇ ਪਾਣੀ ਨੂੰ ਆਪਣੇ ਖੇਤਾਂ ’ਚ ਹੀ ਰੋਕ ਲਿਆ ਜਾਵੇ ਪਰ ਕੁਝ ਥਾਈਂ ਜਿਥੇ ਝੋਨਾ ਲੱਗੇ ਖੇਤਾਂ ’ਚ ਮੀਂਹ ਨਾਲ ਜ਼ਿਆਦਾ ਪਾਣੀ ਹੋ ਜਾਣ ਕਾਰਨ ਕਿਸਾਨ ਪਾਣੀ ਕੱਢਦੇ ਵੀ ਰਹੇ। ਇਸ ਤਰ੍ਹਾਂ ਅੱਜ ਦੇ ਮੀਂਹ ਨੇ ਲੋਕਾਂ ਨੂੰ ਕਈ ਪੱਖਾਂ ਤੋਂ ਰਾਹਤ ਦਿਵਾਈ। ਮੌਸਮ ਵਿਗਿਆਨੀਆਂ ਵੱਲੋਂ ਹੁਣ 19 ਜੁਲਾਈ ਨੂੰ ਵੀ ਭਰਵੇਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
ਹਸਪਤਾਲ ’ਚ ਬਰਸਾਤੀ ਪਾਣੀ ਭਰਿਆ; ਮਰੀਜ਼ ਪ੍ਰੇਸ਼ਾਨ
ਸਮਾਣਾ (ਸੁਭਾਸ਼ ਚੰਦਰ): ਐਤਵਾਰ ਸਵੇਰੇ ਪਏ ਮੀਂਹ ਕਾਰਨ ਜਿਥੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬਰਸਾਤੀ ਪਾਣੀ ਨਾਲ ਭਰ ਗਏ, ਉੱਥੇ ਹਸਪਤਾਲ ਰੋਡ ’ਤੇ ਹਸਪਤਾਲ ਵਿੱਚ ਵੀ ਪਾਣੀ ਭਰ ਗਿਆ। ਇਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਰੋਡ ’ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਉੱਪਰ ਸੀਵਰੇਜ ਲਾਈਨ ਪੈਣ ਦੇ ਨਾਲ -ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਦੋਵੇਂ ਪਾਸੇ ਝਰਨੇ ਬਣੇ ਹੋਏ ਹਨ, ਪਰ ਉਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਸਾਰੇ ਬੰਦ ਪਏ ਹਨ। ਇਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋਈ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਸਫਾਈ ਕਰਵਾਈ ਜਾਵੇ। ਇਸ ਸਬੰਧੀ ਜਦੋਂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐੱਸਡੀਓ ਅਰਵਿੰਦਰ ਖੁਰਾਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਸਿਸਟਮ ਸਹੀ ਚੱਲ ਰਿਹਾ ਹੈ, ਪਰ ਬਰਸਾਤੀ ਪਾਣੀ ਦੇ ਝਰਨੇ ਬੰਦ ਹੋਣ ਕਰ ਕੇ ਬਰਸਾਤੀ ਪਾਣੀ ਉਨ੍ਹਾਂ ਦੇ ਸੀਵਰ ਪਾਈਪਾਂ ਵਿੱਚ ਨਹੀਂ ਜਾ ਰਿਹਾ, ਜਿਸ ਕਾਰਨ ਪਾਣੀ ਸੜਕਾਂ ਤੇ ਖੜ੍ਹਾ ਹੈ, ਜੋ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ।