ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੰਘੀ ਰਾਤ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਨੂੰ ਆਪਣੀ ਕਾਰ ਰਾਹੀਂ ਹਸਪਤਾਲ ਪਹੁੰਚਾਇਆ। ਹਾਦਸੇ ’ਚ ਜ਼ਖ਼ਮੀ ਅਮਨਜੋਤ ਸਿੰਘ ਪਟਿਆਲਾ ਦਾ ਵਸਨੀਕ ਹੈ। ਲੰਘੀ ਰਾਤ ਨਵਜੋਤ ਸਿੰਘ ਸਿੱਧੂ ਜਦੋਂ ਚੰਡੀਗੜ੍ਹ ਤੋਂ ਪਟਿਆਲਾ ਪਰਤ ਰਹੇ ਸਨ ਤਾਂ ਬਹਾਦਰਗੜ੍ਹ ਕੋਲੇ ਕਾਰ ਤੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ ਨੌਜਵਾਨ ਅਮਨਜੋਤ ਸਿੰਘ ਦੇ ਸੱਟਾਂ ਵੱਜੀਆਂ। ਹਾਦਸਾ ਦੇਖ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਗੱਡੀਆਂ ਦਾ ਕਾਫ਼ਲਾ ਰੋਕ ਲਿਆ ਅਤੇ ਉਹ ਖੁਦ ਉਤਰ ਕੇ ਜ਼ਖ਼ਮੀ ਨੌਜਵਾਨ ਕੋਲ ਆਏ ਜਦੋਂ ਪੁੱਛਣ ’ਤੇ ਪਤਾ ਲੱਗਾ ਕੇ ਇਸ ਨੌਜਵਾਨ ਦੇ ਨਾਲ ਕੋਈ ਵੀ ਨਹੀਂ ਹੈ ਤਾਂ ਉਨ੍ਹਾਂ ਨੌਜਵਾਨ ਨੂੰ ਆਪਣੀ ਕਾਰ ਵਿੱਚ ਪਾਇਆ ਅਤੇ ਪਟਿਆਲਾ ਸਥਿਤ ਅਮਰ ਹਸਪਤਾਲ ਵਿਖੇ ਦਾਖਲ ਕਰਵਾਇਆ। ਅੱਜ ਬਾਅਦ ਦੁਪਹਿਰ ਅਮਨਜੋਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।