ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਕਤੂਬਰ
ਮਹਾਰਿਸ਼ੀ ਵਾਲਮੀਕਿ ਚੇਅਰ ਵਲੋਂ ਮਹਾਰਿਸ਼ੀ ਵਾਲਮੀਕਿ ਸੰਦੇਸ਼ ਦਾ ਦੂਸਰਾ ਅੰਕ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਸੈਮੀਨਾਰ ਵਿਖੇ ਰੱਖੇ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮਹਾਰਿਸ਼ੀ ਵਾਲਮੀਕਿ ਚੇਅਰ ਦੇ ਮੁਖੀ ਅਤੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਬਰਾੜ ਨੇ ਅਗਲੇ ਅੰਕਾਂ ਨੂੰ ਆਨਲਾਈਨ ਬਣਾਉਣ ਦੀ ਗੱਲ ਕੀਤੀ। ਵਾਈਸ ਚਾਂਸਲਰ ਨੇ ਕਿਹਾ ਕਿ ਸਾਨੂੰ ਖੋਜ ਦੇ ਨਾਲੋਂ ਨਾਲ ਮਿਆਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਰਸਾਲੇ ਦੇ ਸੰਪਾਦਕ ਫੈਲੋ ਰਵਿੰਦਰ ਕੁਮਾਰ ਅਚਾਰੀਆ ਨੇ ਭਗਵਾਨ ਵਾਲਮੀਕਿ ਦੇ ਜੀਵਨ ਦਰਸ਼ਨ ਅਤੇ ਲੇਖਕ ਡਾ. ਰਵੀ ਪ੍ਰਕਾਸ਼ ਆਰੀਆ, ਡਾ. ਹੁਕਮਚੰਦ ਰਾਜਪਾਲ, ਜਤਿੰਦਰ ਮੱਟੂ, ਬਲਦੇਵ ਸਿੰਘ ਨਾਗਵੰਸ਼ੀ ਦੇ ਲੇਖਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਬਲਦੇਵ ਸਿੰਘ ਨੇ ਭਗਵਾਨ ਵਾਲਮੀਕਿ ਦੇ ਅਧਿਆਤਮਿਕ ਗ੍ਰੰਥ ਯੋਗਵਸ਼ਿਸ਼ਟ ਦਰਸ਼ਨ ਬਾਰੇ ਧਿਆਨ ਕਰਵਾਇਆ। ਜਤਿੰਦਰ ਮੱਟੂ ਨੇ ਮਹਾਰਿਸ਼ੀ ਵਾਲਮੀਕਿ ਚੇਅਰ ਨੂੰ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਡਾ. ਪੁਸ਼ਪਿੰਦਰ ਜੋਸ਼ੀ ਨੇ ਭਗਵਾਨ ਵਾਲਮੀਕਿ ਬਾਰੇ ਵਿਚਾਰ ਰੱਖੇ। ਇਸ ਮੌਕੇ ਡਿਸਟੈਂਸ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਾਜਰ ਸਖਸ਼ੀਅਤਾਂ ਵਿੱਚ ਡਾ. ਨੀਤੂ, ਡਾ. ਵਰਿੰਦਰ, ਗੁਰਪ੍ਰੀਤ ਸਿੰਘ, ਮਿਹਰ ਸਿੰਘ ਗਿੱਲ, ਡਾ. ਗੁਰਜੰਟ ਸਿੰਘ, ਡਾ. ਪਰਮਿੰਦਰ ਜੀਤ ਕੌਰ, ਡਾ. ਗਿਆਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸਰਚ ਸਕਾਲਰ ਅਤੇ ਵਾਲਮੀਕਿ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ।