ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਸਤੰਬਰ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਸ਼ਹਿਰ ਦੇ ਟਕਸਾਲੀ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਵਿੱਚ ਭਾਜਪਾ ਗੱਠਜੋੜ ਨਾਲੋਂ ਕੀਤੇ ਗਏ ਤੋੜ ਵਿਛੋੜੇ ਦੇ ਲਏ ਫ਼ੈਸਲੇ ਦਾ ਸਵਾਗਤ ਕਰਦਿਆਂ ਸਹਿਮਤੀ ਜਤਾਈ ਹੈ।
ਇਸ ਮੌਕੇ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਜਿਵੇਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸੰਘਰਸ਼ਸ਼ੀਲ ਰਹਿੰਦਿਆਂ ਪਾਰਟੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਸਮਾਂ ਆਉਣ ’ਤੇ ਹਮੇਸ਼ਾਂ ਵੱਡੇ ਫ਼ੈਸਲੇ ਲਏ ਹਨ। ਉਸੇ ਤਰਜ਼ ’ਤੇ ਹੁਣ ਸੁਖਬੀਰ ਬਾਦਲ ਦੀ ਅਗਵਾਈ ਹੇਠ ਲਿਆ ਗਿਆ ਫ਼ੈਸਲਾ ਅਹਿਮ ਹੈ ਤੇ ਇਹ ਸਾਰੇ ਪੱਖੋਂ ਪਾਰਟੀ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤ ਨੂੰ ਵੇਖਦਿਆਂ ਅੱਜ ਕਿਸਾਨ ਨੂੰ ਤਬਾਹ ਕਰਨ ਲਈ ਲਿਆਂਦੇ ਖੇਤੀ ਆਰਡੀਨੈਂਸ ਕਿਸਾਨੀ ਨੂੰ ਹੋਰ ਨਿਘਾਰ ਵੱਲ ਲਿਜਾ ਸਕਦੇ ਹਨ, ਜਿਸ ਕਰਕੇ ਪਾਰਟੀ ਵੱਲੋਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਅਕਾਲੀ ਜਥਾ ਸ਼ਹਿਰੀ ਪਟਿਆਲਾ ਵੀ ਆਪਣਾ ਬਣਦਾ ਯੋਗਦਾਨ ਪਾਵੇਗਾ। ਇਸ ਮੌਕੇ ਗੁਰਜੀਤ ਸਿੰਘ ਸਾਹਨੀ, ਜਸਬੀਰ ਸਿੰਘ ਮਾਟਾ, ਜੋਗਿੰਦਰ ਸਿੰਘ ਪ੍ਰਧਾਨ ਤੇ ਤਿਰਲੋਕ ਸਿੰਘ ਤੋਰਾ ਹਾਜ਼ਰ ਸਨ।